ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ 30 ਜਨਵਰੀ ਤੋਂ 3 ਫ਼ਰਵਰੀ ਤੱਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਪੁਸਤਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ 272 ਕਾਲਜ ਅਤੇ ਮਾਲਵਾ ਖਿੱਤੇ ਦੇ ਲੋਕ ਭਰਵੀਂ ਗਿਣਤੀ ਵਿੱਚ ਸ਼ਿਰਕਤ ਕਰਦੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਇਨ੍ਹਾਂ ਹੀ ਮਿਤੀਆਂ ਦੌਰਾਨ ਨਾਰਥ ਜ਼ੋਨ ਇੰਟਰਵਰਸਿਟੀ ਯੂਥ ਫ਼ੈਸਟੀਵਲ ਅਨੰਤਨਾਤ ਵੀ ਹੋ ਰਿਹਾ ਹੈ। ਇਸ ਵਿੱਚ ਨਾਰਥ ਜ਼ੋਨ ਦੀਆਂ ਤਕਰੀਬਨ 25 ਯੂਨੀਵਰਸਿਟੀਆਂ ਵੀ ਭਾਗ ਲੈਣਗੀਆਂ। ਪੰਜ ਰੋਜ਼ਾ ਇਸ ਸਾਹਿਤ ਉਤਸਵ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਕਲਾਵਾਂ ਨਾਲ ਜੁੜੀਆਂ ਅਹਿਤ ਸ਼ਖ਼ਸੀਅਤਾਂ ਦੇ ਰੂਬਰੂ, ਪੈਨਲ ਚਰਚਾ, ਸੰਵਾਦ ਅਤੇ ਕਲਾ ਨਾਲ ਜੁੜੇ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀਆਂ ਹਨ। ਮੇਲੇ ਦੀ ਹਰ ਸ਼ਾਮ ਕਵੀ ਦਰਬਾਰ ਤੋਂ ਇਲਾਵਾ ਸੰਗੀਤ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਇਸ ਵਾਰ ਦੇ ਮੇਲੇ ਵਿੱਚ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਕੋਸ਼ਿਸ਼ ਕੀਤੀ ਗਈ ਹੈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਬੌਧਿਕ ਪੱਧਰ ਅਨੁਸਾਰ ਮੇਲੇ ਵਿੱਚ ਗੌਲਣਯੋਗ ਪੁਸਤਕਾਂ ਅਤੇ ਪ੍ਰੋਗਰਾਮ ਸ਼ਾਮਲ ਕੀਤੇ ਜਾਣ।