ਮਾਛੀਵਾੜਾ ਸਾਹਿਬ : 22 ਸਾਲਾਂ ਨੌਜਵਾਨ ਜਸਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਭਾਮਾ ਕਲਾਂ ਵਿੱਚ ਪਹੁੰਚੀ, ਜਿਥੇ ਬਹੁਤ ਹੀ ਗਮਗੀਨ ਮਾਹੌਲ ਵਿੱਚ ਵਿੱਚ ਉਸ ਨੂੰ ਅੰਤਿਮ ਵਿਦਾਈ ਦਿੱਤੀ ਗਈ। ਜਸਦੀਪ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਨੇ ਸਿਰ ‘ਤੇ ਸਿਹਰਾ ਬੰਨ੍ਹ ਕੇ ਆਪਣੇ ਇਕਲੌਤੇ ਪੁੱਤਰ ਨੂੰ ਅੰਤਿਮ ਵਿਦਾਈ ਦਿੱਤੀ। ਇਸ ਗਮਗੀਨ ਮਾਹੌਲ ਵਿੱਚ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਸਦੀਪ ਸਿੰਘ ਦੇ ਪਿਤਾ ਦਲਜੀਤ ਸਿੰਘ ਅੰਬਾਂ ਦੇ ਕਿਸਾਨ ਹਨ। ਕਰੀਬ 5 ਸਾਲ ਪਹਿਲਾਂ ਜਸਦੀਪ ਸਿੰਘ 10ਵੀਂ ਪਾਸ ਕਰਨ ਤੋਂ ਬਾਅਦ ਆਪਣੇ ਮਾਮੇ ਕੋਲ ਅਮਰੀਕਾ ਗਿਆ ਸੀ। ਫਰਜੀਨਲ ਸ਼ਹਿਰ, ਕੈਲੀਫੋਰਨੀਆ ਵਿੱਚ ਰਹਿੰਦਾ ਸੀ। ਉਥੇ ਟਰਾਲਾ ਡਰਾਈਵਰ ਦਾ ਕੰਮ ਕਰਦਾ ਸੀ। 3 ਜਨਵਰੀ ਨੂੰ ਜਸਦੀਪ ਸਿੰਘ ਆਪਣੇ ਘਰ ਅਮਰੀਕਾ ਤੋਂ ਕਾਰ ਵਿਚ ਨਿਕਲਿਆ ਸੀ। ਉਸ ਨੇ ਮਾਤਾ-ਪਿਤਾ ਅਤੇ ਦਾਦੀ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਡੀਓ ਕਾਲ ‘ਤੇ ਗੱਲ ਕਰਦੇ ਹੋਏ ਜਸਦੀਪ ਸਿੰਘ ਦਾ ਫੋਨ ਅਚਾਨਕ ਬੰਦ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਕਰ ਹੋ ਗਈ ਸੀ। ਫਿਰ ਉਸ ਨੇ ਜਸਦੀਪ ਦੇ ਮਾਮੇ ਨਾਲ ਸੰਪਰਕ ਕੀਤਾ। ਜਸਦੀਪ ਦੇ ਮਾਮਾ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਜਸਦੀਪ ਕਾਰ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ, ਜਿਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਜਸਦੀਪ ਸਿੰਘ ਨੂੰ ਅਮਰੀਕਾ ਗਏ ਨੂੰ 5 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਮਾਰਚ ਦੇ ਮਹੀਨੇ ਹੀ ਉਸ ਨੇ ਪਹਿਲੀ ਵਾਰ ਪੰਜਾਬ ਪਰਤਣਾ ਸੀ। ਉਸ ਦੇ ਆਉਣ ਦੀਆਂ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਦੇ ਮੈਂਬਰ ਆਪਣੇ ਪੁੱਤਰ ਦੇ ਸਵਾਗਤ ਦੀ ਤਿਆਰੀ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਵਿਦੇਸ਼ ਤੋਂ ਦੁਖਦਾਈ ਖ਼ਬਰ ਮਿਲੀ, ਜਿਸ ਕਾਰਨ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ।