ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਮਲਟੀਸਪੈਸ਼ਿਲਟੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਇਮਾਰਤ ਵਿਖੇ ਅੱਜ 6 ਡਾਇਲਸਿਸ ਮਸ਼ੀਨਾਂ ਚਾਲੂ ਕੀਤੀਆਂ ਗਈਆਂ। ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਨੇ ਇਸ ਨਵੀਂ ਇਮਾਰਤ ਵਿਖੇ ਇਨ੍ਹਾਂ ਮਸ਼ੀਨਾਂ ਨੂੰ ਮਰੀਜਾਂ ਦੇ ਸਮਰਪਿਤ ਕਰਦਿਆਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਕੁਲ 8 ਡਾਇਲਸਿਸ ਮਸ਼ੀਨਾਂ ਹਨ, ਪਰੰਤੂ ਜਗ੍ਹਾ ਦੀ ਘਾਟ ਕਰਕੇ ਕੇਵਲ 4 ਮਸ਼ੀਨਾਂ ਹੀ ਚਾਲੂ ਹਾਲਤ 'ਚ ਸਨ ਅਤੇ ਹੁਣ 6 ਮਸ਼ੀਨਾਂ ਇਸ ਨਵੀਂ ਇਮਾਰਤ ਵਿਖੇ ਤਬਦੀਲ ਕਰਕੇ ਚਾਲੂ ਕਰ ਦਿੱਤੀਆਂ ਗਈਆਂ ਹਨ।
ਜਦੋਂਕਿ 2 ਡਾਇਲਸਿਸ ਮਸ਼ੀਨਾਂ ਪਹਿਲਾਂ ਹੀ ਕੋਵਿਡ ਵਾਰਡ ਐਮ.ਸੀ.ਐਚ., 'ਚ ਕੰਮ ਕਰ ਰਹੀਆਂ ਹਨ ਜਿਨ੍ਹਾਂ ਰਾਹੀਂ ਗੁਰਦਿਆਂ ਦੇ ਮਰੀਜਾਂ ਦਾ ਮੁਫ਼ਤ ਡਾਇਲਸਿਸ 24 ਘੰਟੇ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਅਤਿਆਧੁਨਿਕ ਮਸ਼ੀਨ ਉਨ੍ਹਾਂ ਕੋਲ ਪੁੱਜ ਗਈ ਹੈ ਉਸਨੂੰ ਵੀ ਜਲਦੀ ਹੀ ਮਰੀਜਾਂ ਦੀ ਸੇਵਾ ਲਈ ਚਾਲੂ ਕੀਤਾ ਜਾਵੇਗਾ।
ਡਾ. ਸਿਬੀਆ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਪੁਰਾਣੀ ਸ਼ਾਖ ਅਤੇ ਵਕਾਰ ਨੂੰ ਬਹਾਲ ਕਰਨ ਲਈ ਉਚੇਚੇ ਯਤਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਖ਼ੁਦ ਇਸ ਵਿਰਾਸਤੀ ਹਸਪਤਾਲ ਅਤੇ ਕਾਲਜ ਦੀ ਬਿਹਤਰੀ ਅਤੇ ਇਸਦੇ ਬੁਨਿਆਦੀ ਢਾਂਚੇ ਦੇ ਸੁਧਾਰ ਵੱਲ ਵਿਸ਼ੇਸ਼ ਤਵੱਜੋ ਦਿੰਦੇ ਹੋਏ ਨਿਜੀ ਦਿਲਚਸਪੀ ਲੈ ਰਹੇ ਹਨ।
ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਹੁਣ ਆਊਟ ਸੋਰਸ ਅਧਾਰ 'ਤੇ ਦੋ ਡਾਇਲਸਿਸ ਤਕਨੀਸ਼ਨਾਂ ਦੀ ਭਰਤੀ ਵੀ ਕੀਤੀ ਗਈ ਹੈ। ਡਾ. ਰੇਖੀ ਨੇ ਰਾਜਿੰਦਰਾ ਹਸਪਤਾਲ ਵੱਲ ਉਚੇਚਾ ਧਿਆਨ ਦੇਣ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਹਸਪਤਾਲ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਹੋਣ ਨਾਲ ਲੋੜਵੰਦ ਮਰੀਜਾਂ ਦੀ ਸਿਹਤ ਸੰਭਾਲ ਹੋਰ ਵੀ ਬਿਹਤਰ ਢੰਗ ਨਾਲ ਹੋ ਰਹੀ ਹੈ। ਇਸ ਮੌਕੇ ਡਾ. ਵਿਜੇ ਕੁਮਾਰ, ਡਾ. ਸੁਨੀਲ ਪਵਾਰ ਅਤੇ ਵੀ ਮੌਜੂਦ ਸਨ।