ਹਿੰਦੀ ਸਿਨੇਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ। ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ ਵੱਖ ਨਵੇਂ ਵਿਸ਼ਿਆਂ ਨੂੰ ਲੈ ਕੇ ਤਜਰਬੇ ਕਰ ਰਹੇ ਹਨ। ਇਨ੍ਹਾਂ ਨਵੇਂ ਤਜ਼ਰਬਿਆਂ ਦੀ ਲੜੀ ’ਚ ਹੀ ਦਰਸ਼ਕਾਂ ਨੂੰ ਇਕ ਇਮੋਸ਼ਨ, ਡਰਾਮਾ ਅਤੇ ਜ਼ਬਰਦਸਤ ਐਕਸ਼ਨ ਵਾਲੀ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮ ’ਖਿਡਾਰੀ’ 9 ਫਰਵਰੀ ਨੂੰ ਦੇਖਣ ਨੂੰ ਮਿਲੇਗੀ। ‘ਜੀਐਫਐਮ ਫਿਲਮਜ਼’ ਅਤੇ ‘ਰਵੀਜਿੰਗ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ, ਅਦਾਕਾਰ ਕਰਤਾਰ ਚੀਮਾ ਅਤੇ ਟੀਵੀ ਅਦਾਕਾਰਾ ਸੁਰਭੀ ਜਯੋਤੀ ਇਕੱਠੇ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਸੁਰਭੀ ਜੋਤੀ ਹੁਣ ਤੱਕ ਅਨੇਕਾਂ ਹੀ ਪੰਜਾਬੀ ਅਤੇ ਹਿੰਦੀ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ। ਗੁਰਨਾਮ ਭੁੱਲਰ ਆਪਣੀਆਂ ਹੁਣ ਤੱਕ ਆਈਆਂ ਫਿਲਮਾਂ ’ਚ ਰੋਮਾਂਟਿਕ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ ਪਰ ਹੁਣ ਉਹ ਫਿਲਮ ‘ਖਿਡਾਰੀ’ ’ਚ ਇਕ ਵੱਖਰੇ ਰੂਪ ’ਚ ਨਜ਼ਰ ਆਉਣਗੇ ਅਤੇ ਉਹ ਇੱਕ ਰੈਸਲਰ ਦਾ ਰੋਲ ਅਦਾ ਕਰ ਕਰਨਗੇ।
ਨਿਰਦੇਸ਼ਕ ਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਇਸ ਫਿਲਮ ਗੁਰਨਾਮ ਭੁੱਲਰ ਅਤੇ ਸੁਰਭੀ ਜਯੋਤੀ ਤੋਂ ਇਲਾਵਾ ਕਰਤਾਰ ਚੀਮਾ, ਪ੍ਰਭ ਗਰੇਵਾਲ, ਲਖਵਿੰਦਰ ਲੱਖਾ, ਨਵਦੀਪ ਕਲੇਰ ਤੇ ਮਨਜੀਤ ਸਿੰਘ ਆਦਿ ਕਲਾਕਾਰ ਨਜ਼ਰ ਆਉਣਗੇ। ਨਿਰਦੇਸ਼ਕ ਮਾਨਵ ਸ਼ਾਹ ਇਸ ਤੋਂ ਪਹਿਲਾਂ ‘ਸਿਕੰਦਰ 2’, ‘ਜੱਟ ਬ੍ਰਦਰਜ਼’ ਅਤੇ ‘ਅੜਬ ਮੁਟਿਆਰਾਂ’ ਵਰਗੀਆਂ ਕਈ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਨਿਰਮਾਤਾ ਪਰਮਜੀਤ ਸਿੰਘ, ਰਵੀਸ਼ ਅਬਰੋਲ, ਅਕਸ਼ਦੀਪ ਚੈਲੀ ਤੇ ਗਗਨਦੀਪ ਚੈਲੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਨੇ ਲਿਖੀ ਹੈ ਜੋ ਕਿ ਆਮ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਤੋਂ ਬਿਲਕੁੱਲ ਹੱਟ ਕੇ ਹੋਵੇਗੀ ਅਤੇ ਦਰਸ਼ਕਾਂ ਨੂੰ ਇਸ ਫਿਲਮ ‘ਚ ਇਕ ਅਲੱਗ ਕਹਾਣੀ ਦੇਖਣ ਨੂੰ ਮਿਲੇਗੀ ਕਿ ਕਿਵੇਂ ਇਕ ਬੰਦਾ ਮੈਦਾਨ ਦੀ ਖੇਡ ਦੇ ਨਾਲ-ਨਾਲ ਜ਼ਿੰਦਗੀ ਦੀ ਖੇਡ ਵੀ ਖੇਡਦਾ ਹੈ। ਇਸ ਫਿਲਮ ਵਿੱਚ ਇਕ ਖਿਡਾਰੀ ਦੀ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ ਅਤੇ ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆਂ ਦਾ ਕਿਰਦਾਰ ਨਿਭਾ ਰਹੇ ਹਨ। ਡਾਇਲਾਗ ਲੇਖਨ ਧੀਰਜ ਰਤਨ ਦੇ ਨਾਲ-ਨਾਲ ਗੁਰਪ੍ਰੀਤ ਭੁੱਲਰ ਅਤੇ ਜਿੰਮੀ ਰਾਮਪਾਲ ਵੱਲੋਂ ਕੀਤਾ ਗਿਆ ਹੈ।
ਜਿੰਦ ਜਵੰਦਾ 946382800