ਪਟਿਆਲਾ : ਦੀ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੀ ਲਖਨਊ ਵਿਖੇ ਹੋਈ ਕੌਮੀ ਕਨਵੈੱਨਸ਼ਨ ਮੌਕੇ ਪਟਿਆਲਾ ਦੇ ਆਰਕੀਟੈਕਟ ਰਜਿੰਦਰ ਸਿੰਘ ਸੰਧੂ ਨੂੰ ਪ੍ਰੈਜ਼ੀਡੈਂਸ਼ੀਅਲ ਸਪੈਸ਼ਲ ਰਿਕੋਗਨੀਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ ਦੇ ਆਰਕੀਟੇਕਟਸ ਦੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਨੈਟਕੋਨ) ਵੱਲੋਂ ਕਰਵਾਏ ਇਸ ਤਿੰਨ ਦਿਨਾਂ ਸਮਾਗਮ ਵਿੱਚ ਦੇਸ਼ ਦੇ ਉੱਘੇ ਆਰਕੀਟੇਕਟਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਅਯੁੱਧਿਆ ਸ੍ਰੀ ਰਾਮ ਮੰਦਿਰ ਦੇ ਆਰਕੀਟੈਕਟ ਅਸੀਸ ਸੋਮਪੁਰਾ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਜ਼ਿਕਰਯੋਗ ਹੈ ਕਿ ਦੇਸ਼ ਦੇ ਆਰਕੀਟੈਕਚਰ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਪੂਰੇ ਭਾਰਤ ਦੇ ਆਰਕੀਟੈਕਟਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਲਈ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਇਹ ਸਮਾਰੋਹ ਕਰਵਾਇਆ ਜਾਂਦਾ ਹੈ।
ਪਟਿਆਲਾ ਵਿਖੇ ਫਾਊਨਟੇਨਹੈੱਡ ਆਰਕੀਟੈਕਟਸ ਪਟਿਆਲਾ ਦੇ ਆਰਕੀਟੈਕਟ ਰਾਜਿੰਦਰ ਸਿੰਘ ਸੰਧੂ ਨੇ ਨੈਟਕੋਨ ਵੱਲੋਂ ਪ੍ਰੈਜ਼ੀਡੈਂਸ਼ੀਅਲ ਸਪੈਸ਼ਲ ਰਿਕੋਗਨੀਸ਼ਨ ਅਵਾਰਡ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਆਰਕੀਟੈਕਚਰ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਹੋਰ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲਖਨਊ ਵਿਖੇ ਹੋਈ ਕਨਵੈੱਨਸ਼ਨ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੇ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੂੰ ਰਾਸ਼ਟਰ ਸਮਾਗਮ ਕਰਵਾਉਣ ਲਈ ਸਨਮਾਨਤ ਕੀਤਾ ਗਿਆ। ਜਦਕਿ ਆਰਕੀਟੈਕਟ ਇੰਦੂ ਅਰੋੜਾ ਤੇ ਸੰਜੇ ਸ਼ਰਮਾ ਨੂੰ ਸਰਟੀਫਿਕੇਟ ਆਫ਼ ਮੈਰਿਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ।