ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਡੀ.ਪੀ.ਆਰ.ਓ. ਪਟਿਆਲਾ ਦੇ ਫੇਸਬੁਕ ਪੇਜ 'ਤੇ ਹਫ਼ਤਾਵਾਰੀ ਰੂ-ਬ-ਰੂ ਦੌਰਾਨ ਜ਼ਿਲ੍ਹੇ 'ਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਚਾਹੇ ਪਾਜਿਟਿਵਿਟੀ ਦਰ 2 ਫੀਸਦੀ ਵਧੀ ਹੈ ਪਰੰਤੂ ਜੇਕਰ ਜ਼ਿਲ੍ਹੇ ਦੇ ਲੋਕ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੀ ਪੂਰਨ ਰੂਪ 'ਚ ਪਾਲਣਾ ਕਰਕੇ ਸਵੈ-ਜਾਬਤੇ ਦਾ ਪ੍ਰਮਾਣ ਦੇਣ ਤਾਂ ਅਸੀਂ ਕੋਵਿਡ ਕੇਸਾਂ 'ਚ ਵਾਧਾ ਦਰ ਨੂੰ ਰੋਕਣ ਅਤੇ ਚੇਨ ਨੂੰ ਤੋੜਨ 'ਚ ਵੱਡਾ ਯੋਗਦਾਨ ਪਾ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਪਾਜਿਟਿਵਿਟੀ ਦਰ ਇੱਕ ਹਫ਼ਤੇ ਤੋਂ 10 ਫੀਸਦੀ ਹੋ ਗਈ ਹੈ ਅਤੇ 25 ਅਤੇ 26 ਅਪ੍ਰੈਲ ਨੂੰ ਮੌਤ ਦਰ ਵਿੱਚ ਵੀ ਇੱਕਦਮ ਵਾਧਾ ਦੇਖਿਆ ਗਿਆ ਪਰੰਤੂ ਹੁਣ ਸਾਡੀ ਸਥਿਤੀ ਹੋਰਨਾਂ ਜ਼ਿਲ੍ਹਿਆਂ ਨਾਲੋਂ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਮੌਤ ਦਰ ਦੀ ਕਰਵਾਈ ਗਈ ਪੜਚੋਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਕੋਵਿਡ ਨਾਲ ਜਾਨ ਗਵਾਉਣ ਵਾਲੇ ਇੱਕ ਤੋਂ ਵਧੇਰੇ ਬਿਮਾਰੀਆਂ ਤੋਂ ਪੀੜਤ ਵਿਅਕਤੀ ਸਨ ਉਥੇ ਹੀ ਹਸਪਤਾਲ 'ਚ ਦੇਰੀ ਨਾਲ ਆਉਣਾ ਵੀ ਮੌਤ ਦਾ ਇੱਕ ਵੱਡਾ ਕਾਰਨ ਸੀ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਾਲ ਸਬੰਧਤ ਲੱਛਣਾਂ, ਜਿਵੇਂ ਕਿ ਬੁਖਾਰ, ਖਾਂਸੀ, ਸਰੀਰ ਦਰਦ ਅਤੇ ਕੁਝ ਕੇਸਾਂ 'ਚ ਦਸਤ ਤੇ ਪੇਟ ਦੀ ਖਰਾਬੀ ਦੇ ਉਭਰਨ 'ਤੇ ਤੁਰੰਤ ਆਪਣਾ ਟੈਸਟ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਮਰੀਜਾਂ ਦੇ ਇਲਾਜ ਲਈ ਬੈਡਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਖ਼ਬਰ ਜਾਂ ਸੋਸ਼ਲ ਮੀਡੀਆ 'ਤੇ ਮਿਲਦੀ ਸੂਚਨਾ ਉਪਰ ਅੱਖਾਂ ਬੰਦ ਕਰਕੇ ਭਰੋਸਾ ਕਰਨ ਦੀ ਬਜਾਇ ਉਸਦੀ ਅਸਲੀਅਤ ਜਾਣ ਲਈ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਰਾਜਿੰਦਰਾ ਹਸਪਤਾਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਰਾਜਿੰਦਰਾ ਹਸਪਤਾਲ ਕੇਵਲ ਪਟਿਆਲਾ ਹੀ ਨਹੀਂ ਬਲਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਵੀ ਵੱਡੀ ਆਸ ਦੀ ਕਿਰਨ ਬਣਿਆ ਹੋਇਆ ਹੈ, ਜਿੱਥੇ 204 ਮਰੀਜਾਂ ਦਾ ਅਤਿ ਗੰਭੀਰ ਸਥਿਤੀ 'ਚ ਹੋਣ ਕਰਕੇ ਇਲਾਜ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ 'ਸਰਚ ਪਲਾਨ' ਨੂੰ ਅਮਲ 'ਚ ਲੈਂਆਂਦਾ ਗਿਆ ਹੈ, ਜਿਸ ਤਹਿਤ ਰਾਜਿੰਦਰਾ ਹਸਪਤਾਲ 'ਚ 430 ਐਲ-2 ਅਤੇ 150 ਐਲ-3 ਬੈਡ ਨੋਟੀਫਾਈ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੇ ਐਲ-2 ਸੁਵਿਧਾ 24 ਫੀਸਦੀ ਅਤੇ ਐਲ-3 ਸੁਵਿਧਾ 93 ਫੀਸਦੀ ਭਰੀ ਹੋਈ ਬੈਡ ਸਮਰੱਥਾ ਨਾਲ ਚੱਲ ਰਹੀ ਹੈ।
ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਸ ਅਤਿ ਗੰਭੀਰ ਸਥਿਤੀ 'ਚ ਪਾਏ ਜਾ ਰਹੇ ਯੋਗਦਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਹਸਪਤਾਲਾਂ 'ਚ ਐਲ-2 ਬੈਡ 174 ਤੋਂ ਵਧਾ ਕੇ 316 ਕਰ ਦਿਤੇ ਗਏ ਹਨ ਅਤੇ ਐਲ-3 ਤੋਂ ਬੈਡ 50 ਤੋਂ ਵਧਾ ਕੇ 74 ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਆਕਸੀਜਨ ਜਾਂ ਵੈਂਟੀਲੇਟਰਾਂ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋਣ ਸਬੰਧੀ ਦਸਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਆਕਸੀਜਨ ਤੇ ਲਿਕੁਇਡ ਆਕਸੀਜਨ ਦੀ ਵਰਤੋਂ ਦਾ ਆਡਿਟ ਕਰਵਾਇਆ ਗਿਆ ਹੈ ਤਾਂ ਜੋ ਇਨ੍ਹਾਂ ਸੰਸਥਾਵਾਂ ਦੀ ਆਕਸੀਜਨ ਦੀ ਅਸਲ ਲੋੜ ਬਾਰੇ ਤੱਥ ਸਾਹਮਣੇ ਆ ਸਕਣ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ 'ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਸੀਮਤ ਗਿਣਤੀ ਨੂੰ ਦੇਖਦਿਆਂ ਬੇਹੋਸ਼ੀ ਅਤੇ ਛਾਤੀ ਰੋਗਾਂ ਨਾਲ ਸਬੰਧਤ ਮੈਡੀਕਲ ਮਾਹਰਾਂ ਨੂੰ ਹੋਰਨਾਂ ਥਾਵਾਂ ਤੋਂ ਬੁਲਾਇਆ ਗਿਆ ਹੈ ਅਤੇ ਆਰਮੀ ਦੇ ਵੀ 30 ਜਵਾਨਾਂ ਵੱਲੋਂ ਵੀ ਪੈਰਾਮੈਡਿਕਸ ਸਟਾਫ਼ ਵਜੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕਿ ਕੋਵਿਡ ਦੇ ਇਸ ਸਮੇਂ 'ਚ ਲੋਕ ਅਫ਼ਵਾਹਾਂ 'ਤੇ ਯਕੀਨ ਨਾ ਕਰਕੇ ਮੈਡੀਕਲ ਸਟਾਫ਼ ਦਾ ਮਨੋਬਲ ਵਧਾਉਣ ਕਿਉਂਜੋ ਰਾਜਿੰਦਰਾ ਵਰਗੇ ਸਿਖ਼ਰਲੀ ਸ੍ਰੇਣੀ ਦੀਆਂ ਇਲਾਜ ਸਹੂਲਤਾਂ ਦੇ ਰਹੇ ਹਸਪਤਾਲ ਵਿੱਚ ਆ ਰਹੇ ਮਰੀਜਾਂ ਦੀ ਹਾਲਤ ਬੜੀ ਹੀ ਨਾਜ਼ੁਕ ਹੁੰਦੀ ਹੈ, ਜਿਸਨੂੰ ਡਾਕਟਰ ਤੇ ਪੈਰਾਮੈਡੀਕਲ ਸਟਾਫ਼ ਪੂਰੀ ਤਨਦੇਹੀ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਰਾਜਿੰਦਰਾ ਵਿੱਚ ਆਉਣ ਵਾਲੇ ਮਰੀਜਾਂ ਦਾ ਆਕਸੀਜਨ ਪੱਧਰ 85, 75, 65 ਤੇ ਕਈ ਵਾਰ 40 ਤੋਂ ਵੀ ਥੱਲੇ ਹੁੰਦਾ ਹੈ, ਇਸ ਲਈ ਕਿਸੇ ਮਰੀਜ ਦੀ ਮੌਤ ਹੋ ਜਾਣ 'ਤੇ ਡਾਕਟਰਾਂ 'ਤੇ ਸਵਾਲ ਚੁੱਕਣਾ ਵਾਜਬ ਨਹੀਂ ਹੋਵੇਗਾ। ਉਨ੍ਹਾਂ ਨੇ ਹਸਪਤਾਲ 'ਚੋਂ ਪਿਛਲੇ ਦਿਨਾਂ 'ਚ ਸਿਹਤਯਾਬ ਹੋ ਕੇ ਗਏ ਅਤਿਗੰਭੀਰ ਮਰੀਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਵੀ ਇਨ੍ਹਾਂ ਡਾਕਟਰਾਂ ਦੇ ਇਲਾਜ ਤੋਂ ਬਾਅਦ ਹੀ ਸਿਹਤਯਾਬ ਹੋਏ ਹਨ।
ਉਨ੍ਹਾਂ ਨੇ ਟੀਕਾਕਰਨ ਨੂੰ ਕੋਵਿਡ ਨਾਲ ਲੜ੍ਹਨ ਦਾ ਅਹਿਮ ਹਥਿਆਰ ਕਰਾਰ ਦਿੰਦਿਆਂ ਉਦਾਹਰਣ ਦਿੱਤੀ ਕਿ ਪੁਲਿਸ ਕਰਮਚਾਰੀਆਂ ਅਤੇ ਹੋਰ ਵਿਅਕਤੀ, ਜਿਨ੍ਹਾਂ ਨੂੰ ਕੋਵਿਡ ਤੋਂ ਬਚਾਅ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ, ਉਹ ਇਸ ਸਮੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਹੁਣ 18 ਸਾਲ ਤੋਂ ਵਧੇਰੇ ਉਮਰ ਵਾਲਿਆਂ ਲਈ ਵੀ ਟੀਕਾਕਰਨ ਦੀ ਸ਼ੁਰੂਆਤ ਹੋਣ ਨਾਲ ਅਸੀਂ ਇਸ ਮੁਸ਼ਕਿਲ ਭਰੀ ਸਥਿਤੀ 'ਚੋਂ ਬਾਹਰ ਨਿਕਲਣ 'ਚ ਸਫ਼ਲ ਹੋਵਾਂਗੇ।
ਡਿਪਟੀ ਕਮਿਸ਼ਨਰ ਨੇ ਹਾਲੀਆ ਕੋਵਿਡ ਪਾਬੰਦੀਆਂ, ਜਿਨ੍ਹਾਂ 'ਚ ਕਰਫਿਊ ਰਾਤ 8 ਦੀ ਬਜਾਇ ਸ਼ਾਮ 6 ਵਜੇ ਤੋਂ, ਦੁਕਾਨਾਂ ਸ਼ਾਮ 5 ਵਜੇ ਤੋਂ ਬੰਦ ਕਰਨ, ਖਾਣ-ਪੀਣ ਦੀ ਹੋਮ ਡਲਿਵਰੀ ਰਾਤ 9 ਵਜੇ ਤੱਕ ਕਰਨ ਦੀ ਪਾਲਣਾ ਕਰਨ ਲਈ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮਜਦੂਰਾਂ ਦੇ ਹਿਤਾਂ ਅਤੇ ਆਰਥਿਕਤਾ ਨੂੰ ਧਿਆਨ 'ਚ ਰੱਖਦੇ ਹੋਏ ਸਨਅਤਾਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਇਨ੍ਹਾਂ ਬੰਦਿਸ਼ਾਂ ਤੋਂ ਆਪਣੇ ਸ਼ਨਾਖਤੀ ਕਾਰਡ ਦਿਖਾ ਕੇ ਕੰਮ 'ਤੇ ਜਾਣ ਅਤੇ ਵਾਪਸ ਆਉਣ ਦੀ ਛੂਟ ਮਿਲੇਗੀ। ਇਸ ਤੋਂ ਇਲਾਵਾ ਪੋਲਟਰੀ ਉਤਪਾਦਾਂ ਲਈ ਵੀ ਰਾਹਤ ਦਿੱਤੀ ਗਈ ਹੈ।
ਉਨ੍ਹਾਂ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫਿਊ ਦੀ ਪਾਲਣਾਂ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅਗਲੇ 20 ਦਿਨਾਂ ਤੱਕ ਬਹੁਤ ਹੀ ਜਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਘਰ ਰਹਿਣ ਨੂੰ ਹੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ 'ਚ ਇਲੈਕਟਿਵ ਸਰਜਰੀ ਨਹੀਂ ਹੋਵੇਗੀ ਪਰੰਤੂ ਨਾਨ-ਕੋਵਿਡ ਹੰਗਾਮੀ ਹਾਲਤ ਦੀਆਂ ਸਰਜਰੀਆਂ ਲਈ ਕੋਈ ਮਨਾਹੀ ਨਹੀਂ। ਉਨ੍ਹਾਂ ਨੇ ਜ਼ਿਲ੍ਹੇ 'ਚ ਕੋਵਿਡ ਨਾਲ ਪੁੱਛਗਿਛ ਸਬੰਧੀ ਅਤੇ ਕਿਸੇ ਹੋਰ ਜਾਣਕਾਰੀ ਲਈ ਬਣਾਏ ਕੰਟਰੋਲ ਰੂਮ ਦੇ ਫੋਨ ਨੰਬਰ 0175-2350550 'ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ।