ਨਵੀਂ ਦਿੱਲੀ : ਆਸਟ੍ਰੇਲੀਆ ਦੇ ਕ੍ਰਿਕਟਰਾਂ ਦੇ ਸੰਘ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟਰਾਂ ਦੀ ਸਵਦੇਸ਼ ਵਾਪਸੀ ਲਈ ਵਿਸ਼ੇਸ਼ ਜਹਾਜ਼ ਦੀ ਵਿਵਸਥਾ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਖੇਡ ਮੰਤਰੀ ਰਿਚਰਡ ਕੋਲਬੇਕ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਅਜੇ ਤਕ ਇਸ ਤਰ੍ਹਾਂ ਦੇ ਕਿਸੇ ਫ਼ੈਸਲੇ ਨੂੰ ਮਨਜ਼ੂਰੀ ਨਹੀਂ ਦਿਤੀ ਹੈ। ਆਸਟ੍ਰੇਲੀਆਈ ਕ੍ਰਿਕਟਰਜ਼ ਸੰਘ (ਏ.ਸੀ.ਏ.) ਦੇ ਪ੍ਰਮੁੱਖ ਟੌਡ ਗ੍ਰੀਨਬਰਗ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਇਸ ਵਿਵਸਥਾ ਲਈ ਫ਼ਰੈਂਚਾਇਜ਼ੀ ਦੇ ਮਾਲਕਾਂ ਨਾਲ ਗੱਲ ਕਰੇਗਾ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਹ ਆਸਾਨ ਨਹੀਂ ਹੋਵੇਗਾ।
‘ਸਿਡਨੀ ਮਾਰਨਿੰਗ ਹੇਰਾਲਡ’ ਮੁਤਾਬਕ ਗ੍ਰੀਨਬਰਗ ਨੇ 2ਜੀਬੀ ਰੇਡੀ ਨੂੰ ਕਿਹਾ, ‘ਕ੍ਰਿਕਟ ਆਸਟ੍ਰੇਲੀਆ ਨਾਲ ਅਜੇ ਜਿਨ੍ਹਾਂ ਮਸਲਿਆਂ ’ਤੇ ਸਾਡੀ ਗੱਲਬਾਤ ਚੱਲ ਰਹੀ ਹੈ। ਉਸ ਵਿਚ ਇਹ ਵੀ ਸ਼ਾਮਲ ਹੈ ਕਿ ਵਿਸ਼ੇਸ਼ ਜਹਾਜ਼ ਦੀ ਵਿਵਸਥਾ ਸੰਭਵ ਹੈ ਜਾਂ ਨਹੀਂ।’ ਉਨ੍ਹਾਂ ਕਿਹਾ ਕਿ ਇਹ ਕੰਮ ਆਸਾਨ ਨਹੀਂ ਹੈ। ਜੇਕਰ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੁਰੱਖਿਅਤ ਸਵਦੇਸ਼ ਵਾਪਸ ਲਿਆਉਣ ਦਾ ਤਰੀਕਾ ਲੱਭ ਸਕਦੇ ਹਾਂ ਤਾਂ ਇਸ ’ਤੇ ਸਾਨੂੰ ਕ੍ਰਿਕਟ ਆਸਟ੍ਰੇਲੀਆ ਅਤੇ ਸਾਡੇ ਖਿਡਾਰੀਆਂ ਨੂੰ ਕੰਮ ਕਰਨਾ ਹੋਵੇਗਾ।
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਪਹਿਲਾਂ ਹੀ ਭਰੋਸਾ ਦੇ ਚੁੱਕਾ ਹੈ ਕਿ 30 ਮਈ ਨੂੰ ਆਈ.ਪੀ.ਐਲ. ਸਮਾਪਤ ਹੋਣ ਦੇ ਬਾਅਦ ਇਸ ਵਿਚ ਖੇਡ ਰਹੇ ਵਿਦੇਸ਼ੀ ਖਿਡਾਰੀਆਂ ਦੀ ਸੁਰੱਖਿਅਤ ਘਰ ਵਾਪਸੀ ਉਸ ਦੀ ਜ਼ਿੰਮੇਵਾਰੀ ਹੈ। ਭਾਰਤ ਤੋਂ ਵਿਸ਼ੇਸ਼ ਜਹਾਜ਼ ਲਿਜਾਣ ਲਈ ਆਸਟ੍ਰੇਲੀਆਈ ਸਰਕਾਰ ਦੀ ਇਜਾਜ਼ਤ ਦੀ ਜ਼ਰੂਰਤ ਪਏਗੀ ਅਤੇ ਕੋਲਬੇਕ ਨੇ ਕਿਹਾ ਕਿ ਇਸ ਮਾਮਲੇ ਵਿਚ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਕੋਲਬੇਕ ਨੇ ਕਿਹਾ, ‘ਕ੍ਰਿਕਟਰਾਂ ਦੇ (ਵਿਸ਼ੇਸ਼ ਜਹਾਜ਼ ਦੀ ਵਿਵਸਥਾ ਦੀ ਮਨਜ਼ੂਰੀ ਦੇਣ) ਸਬੰਧ ਵਿਚ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।’ (ਏਜੰਸੀ)