ਐਸ.ਏ.ਐਸ ਨਗਰ : ਕੋਵਿਡ 19 ਕਾਰਨ ਪੈਦਾ ਹੋਏ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜਿ਼ਲ੍ਹੇ ਦੇ 14 ਹਸਪਤਾਲਾਂ ਵਿੱਚ ਲੋੜੀਂਦੀ ਔਸਤਨ 23 ਮੀਟ੍ਰਿਕ ਟਨ ਆਕਸੀਜ਼ਨ ਤੇ 05 ਹਪਸਤਾਲਾਂ ਨੂੰ ਸਟੇਟ ਵੱਲੋਂ ਸਿੱਧੀ ਸਪਲਾਈ ਜਾਰੀ ਹੈ ਤੇ ਹਸਪਤਾਲਾਂ ਵਿੱਚ ਆਕਸੀਜ਼ਨ ਦੀ ਸਪਲਾਈ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਕੁਮਾਰ ਗੁਪਤਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਵੱਲੋਂ ਜਿ਼ਲ੍ਹੇ ਦੇ ਹਸਪਤਾਲਾਂ ਵਿੱਚ ਲੋੜੀਂਦੀ ਆਕਸੀਜ਼ਨ ਸਪਲਾਈ ਯਕੀਨੀ ਬਨਾਉਣ ਲਈ ਬਣਾਈ ਟੀਮ ਨੂੰ ਨਾਲ ਲੈ ਕੇ ਹਾਈ ਟੈਕ ਇੰਡਸਟਰੀਜ਼, ਮੋਹਾਲੀ ਦੀ ਪੜਤਾਲ ਕਰਨ ਮੌਕੇ ਕੀਤਾ। ਟੀਮ ਵਿੱਚ ਸ਼੍ਰੀ ਪਵਿੱਤਰ ਸਿੰਘ ਪੀ.ਸੀ.ਐਸ., ਸ਼੍ਰੀ ਹਰਬੀਰ ਸਿੰਘ ਐਸ.ਪੀ. ਅਤੇ ਸੁਰਿੰਦਰ ਗਰਗ, ਏ.ਈ.ਟੀ.ਸੀ., ਸ਼ਾਮਲ ਸਨ।
ਏ.ਡੀ.ਸੀ. ਨੇ ਦੱਸਿਆ ਕਿ ਇਸ ਮੌਕੇ ਟੀਮ ਨੇ ਆਕਸੀਜ਼ਨ ਸਟਾਕ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਵੱਖ ਵੱਖ ਹਸਪਤਾਲਾਂ ਨੂੰ ਕੀਤੀ ਜਾ ਰਹੀ ਸਪਲਾਈ ਦੀ ਵਿਸਤਰਤ ਸਮੀਖਿਆ ਕੀਤੀ ਅਤੇ ਨਾਲ ਹੀ ਵੇਟ ਅਤੇ ਪਰੈਸ਼ਰ ਸਬੰਧੀ ਵੀ ਪੜਤਾਲ ਕੀਤੀ ਗਈ। ਇੰਡਸਟਰੀ ਦੇ ਨੁਮਾਇੰਦਿਆਂ ਨੂੰ ਇਹ ਹਦਾਇਤ ਕੀਤੀ ਗਈ ਕਿ ਮੈਡੀਕਲ ਕਾਰਜਾਂ ਨਾਲ ਸਬੰਧਤ ਆਕਸੀਜ਼ਨ ਦੀ ਕੋਈ ਹੋਰ ਡਾਈਵਰਜਨ ਨਹੀਂ ਹੋਣੀ ਚਾਹੀਦੀ ਅਤੇ ਸਿਲੰਡਰਾਂ ਵਿੱਚ ਉਨ੍ਹਾਂ ਦੀ ਸਮਰੱਥਾ ਮੁਤਾਬਕ ਪੂਰੀ ਗੈਸ ਭਰੀ ਜਾਵੇ।
ਸ਼੍ਰੀ ਰਾਜੀਵ ਗੁਪਤਾ ਨੇ ਦੱਸਿਆ ਕਿ ਜਿ਼ਲ੍ਹੇ ਤੋਂ ਬਾਹਰ ਆਕਸੀਜ਼ਨ ਦੀ ਸਪਲਾਈ ਸਬੰਧਤ ਡਿਪਟੀ ਕਮਿਸ਼ਨਰ ਦੇ ਮੰਗ ਆਰਡਰ ਦੇ ਆਧਾਰ ਉਤੇ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹਰ ਇੱਕ ਸਿਲੰਡਰ ਦੀ ਸਪਲਾਈ ਰਿਕਾਰਡ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਪੁਲੀਸ ਅਤੇ ਜੀ.ਐਸ.ਟੀ. ਟੀਮਜ਼ ਨੂੰ 24 ਘੰਟੇ ਹਸਪਤਾਲਾਂ ਨੂੰ ਆਕਸੀਜ਼ਨ ਦੀ ਸਪਲਾਈ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਸਾਧਨਾਂ ਜ਼ਰੀਏ ਹੋਰ ਖਾਲੀ ਸਿਲੰਡਰਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।