ਮੋਗਾ : ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋ ਹਾਲੈਂਡ ਰਹਿੰਦੇ ਪ੍ਰਸਿੱਧ ਵਾਰਤਕਕਾਰ ਜੋਗਿੰਦਰ ਬਾਠ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀ ਨਵ ਪ੍ਰਕਾਸ਼ਿਤ ਸਫਰਨਾਮਾ ਪੁਸਤਕ ‘ਕਨੇਡਾ ਕਨੇਡਾ ਮੈਂ ਜਾਣਾ’ ਪ੍ਰਸਿੱਧ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀ ਗਈ। ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਕਰਵਾਏ ਗਏ ਸੰਖੇਪ ਪਰ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰਸਿੱਧ ਨਾਵਲਕਾਰ ਵਿਅੰਗਕਾਰ ਤੇ ਕਹਾਣੀਕਾਰ ਕੇ ਐਲ ਗਰਗ, ਸੰਸਾਰ ਪ੍ਰਸਿੱਧ ਵਾਰਤਕਕਾਰ ਨਿੰਦਰ ਘੁਗਿਆਣਵੀ, ਇੰਗਲੈਂਡ ਰਹਿੰਦੇ ਸ਼ਾਇਰ ਅਜੀਮ ਸ਼ੇਖਰ, ਪ੍ਰਸਿੱਧ ਚਿੰਤਕ ਗੁਰਚਰਨ ਨੂਰਪੁਰ, ਨਾਮਵਰ ਅਲੋਚਕ ਡਾ ਸੁਰਜੀਤ ਬਰਾੜ, ਜਿਲਾ ਭਾਸ਼ਾ ਅਫਸਰ ਮੋਗਾ ਡਾਕਟਰ ਅਜੀਤ ਪਾਲ, ਕਨੇਡਾ ਰਹਿੰਦੇ ਸ਼ਾਇਰ ਗੁਰਬਚਨ ਚਿੰਤਕ, ਇੰਗਲੈਂਡ ਰਹਿੰਦੇ ਨਾਵਲਕਾਰ ਜਸਵਿੰਦਰ ਰੱਤੀਆਂ, ਜਗਜੀਤ ਕੌਰ ਸੰਧੂ ਆਸਟਰੇਲੀਆ, ਨਵਨੀਤ ਸੇਖਾ, ਸੁਖਵਿੰਦਰ ਮਰਾੜ ਅਤੇ ਸ਼ਾਇਰ ਅਮਰ ਸੂਫੀ ਨੇ ਜੋਗਿੰਦਰ ਬਾਠ ਨੂੰ ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਪੰਜਾਬੀ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਉਹਨਾਂ ਵੱਲੋਂ ਲਿਖਿਆ ਗਿਆ ਸਫਰਨਾਮਾ ‘ਕਨੇਡਾ ਕਨੇਡਾ ਮੈਂ ਜਾਣਾ’ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਗਿਆ। ਜੋਗਿੰਦਰ ਬਾਠ ਬਾਰੇ ਬੋਲਦਿਆਂ ਕੇ ਐਲ ਗਰਗ ਨੇ ਕਿਹਾ ਕਿ ਜੋਗਿੰਦਰ ਬਾਠ ਨੇ ਆਪਣੀ ਤਿੱਖੀ ਤੇ ਰਸਦਾਇੱਕ ਵਾਰਤਕ ਨਾਲ ਪਾਠਕਾਂ ਨੂੰ ਪ੍ਰਭਾਵਿਤ ਕੀਤਾ ਹੈ। ਜੋਗਿੰਦਰ ਬਾਠ ਸੋਸ਼ਲ ਮੀਡੀਆ ’ਤੇ ਵੀ ਪੂਰਾ ਸਰਗਰਮ ਰਹਿੰਦਾ ਹੈ। ਡਾ. ਸੁਰਜੀਤ ਬਰਾੜ ਨੇ ਜੋਗਿੰਦਰ ਬਾਠ ਨੂੰ ਆਮ ਲੋਕਾਂ ਦਾ ਵਾਰਤਕਕਾਰ ਕਿਹਾ ਜਿਸ ਦੀ ਪੁਸਤਕ ਜੱਟ ਮਕੈਨੀਕਲ ਨੇ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਸ਼ੇਖ ਫਰੀਦ ਮੰਚ ਫਰੀਦਕੋਟ ਦੇ ਪ੍ਰਧਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਨਿੰਦਰ ਘੁਗਿਆਣਵੀ ਨੇ ਜੋਗਿੰਦਰ ਬਾਠ ਬਾਰੇ ਬੋਲਦਿਆਂ ਆਖਿਆ ਕਿ ਹੋਲੈਂਡ ਵਰਗੇ ਦੇਸ਼ ਵਿੱਚ ਰਹਿੰਦਿਆਂ ਵੀ ਉਹ ਪੰਜਾਬੀ ਮਾਂ ਬੋਲੀ ਨਾਲ ਲਗਾਤਾਰ ਜੁੜਿਆ ਹੋਇਆ ਹੈ ਅਤੇ ਸਮੇਂ ਸਿਰ ਵੱਖ-ਵੱਖ ਸਮੱਸਿਆਵਾਂ ਬਾਰੇ ਬੇਬਾਕੀ ਨਾਲ ਲਿਖਦਾ ਰਹਿੰਦਾ ਹੈ। ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਆਏ ਹੋਏ ਸਾਰੇ ਵਿਦਵਾਨ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਜੋਗਿੰਦਰ ਬਾਠ ਨੇ ਆਪਣੇ ਜੀਵਨ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਤੇ ਹਾਜ਼ਰ ਸ਼ਾਇਰਾਂ ਦਾ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਸ਼ਾਇਰ ਡਾਕਟਰ ਅਜੀਤਪਾਲ, ਰਾਜਦੀਪ ਤੂਰ, ਧਾਮੀ ਗਿੱਲ, ਹਰਭਿੰਦਰ ਪੀਰ ਮੁਹੰਮਦ, ਹਰਦੇਵ ਭੁੱਲਰ, ਵਿਵੇਕ ਕੋਟ ਈਸੇ ਖਾਂ, ਸ਼ੀਰਾ ਗਰੇਵਾਲ, ਗੁਰਪ੍ਰੀਤ ਧਰਮਕੋਟ, ਕਰਨਲ ਬਾਬੂ ਸਿੰਘ, ਸੋਨੀ ਮੋਗਾ, ਜਗੀਰ ਖੋਖਰ, ਸਿੰਘ ਦੀਪ, ਗੁਰਮੇਲ ਬੌਡੇ, ਦਰਸ਼ਨ ਸੰਘਾ, ਗੁਰਚਰਨ ਸੰਘਾ, ਗੁਰਬਚਨ ਚਿੰਤਕ ਅਤੇ ਜਸਵਿੰਦਰ ਸੰਧੂ ਗੋਲਟੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਪ੍ਰਾਪਤ ਕੀਤੀ। ਮੰਚ ਸੰਚਾਲਨ ਗੁਰਪ੍ਰੀਤ ਧਰਮਕੋਟ ਵੱਲੋਂ ਕੀਤਾ। ਸ਼ੇਰ ਜੰਗ ਜਾਂਗਲੀ ਫਾਊਂਡੇਸ਼ਨ ਦੇ ਜਨਰਲ ਸਕੱਤਰ ਵਿਜੇ ਕੁਮਾਰ, ਕਰਮਜੀਤ ਕੌਰ ਲੰਢੇਕੇ, ਸਿਮਰਜੀਤ ਸਿੰਮੀ, ਜ਼ਸ਼ਨ ਕੋਠੇ ਰੱਤੀਆਂ, ਗੁਰਪ੍ਰੀਤ ਮੁਕਤਸਰ ਸਮੇਤ ਉੱਘੇ ਲੇਖਕ ਇਸ ਮੌਕੇ ਹਾਜ਼ਰ ਸਨ। ਸਮਾਗਮ ਵਿੱਚ ਸੀਨੀਅਰ ਲੇਖਕ ਜੋਧ ਸਿੰਘ ਮੋਗਾ ਦੀ ਪੁਸਤਕ ‘ਅਸਲੀ ਮੋਗਾ’ ਅਤੇ ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂ ਕੇ ਵੱਲੋਂ ਕਰਵਾਏ ਜਾਣ ਵਾਲੇ ਅਦਬੀ ਮੇਲੇ ਦਾ ਕੈਲੰਡਰ ਵੀ ਸਾਹਿਤਕਾਰਾਂ ਵੱਲੋਂ ਰਿਲੀਜ਼ ਕੀਤਾ ਗਿਆ।