ਕੈਬਨਿਟ ਮੰਤਰੀ ਵੱਲੋਂ ਖਾਸੀ ਕਲਾਂ ਤੋਂ ਤਾਜਪੁਰ ਚੂੰਗੀ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ ਲਈ ਵੀ ਰੱਖਿਆ ਜਾਵੇਗਾ ਨੀਂਹ ਪੱਥਰ
”ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਲਈ ਕਰ ਹੀ ਨਿਰੰਤਰ ਅਤੇ ਸੁਹਿਰਦ ਯਤਨ”
ਲੁਧਿਆਣਾ : ਲੁਧਿਆਣਾ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਬੁੱਧਵਾਰ ਨੂੰ ਦੋ ਮੁੱਖ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਇਲਾਕੇ ਵਿੱਚ ਸੰਪਰਕ ਵਧਾਉਣਾ ਅਤੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣਾ ਹੈ।
ਪਹਿਲੇ ਅਹਿਮ ਪ੍ਰੋਜੈਕਟ ਵਿੱਚ ਮਲੇਰਕੋਟਲਾ ਰੋਡ ਤੋਂ ਸਿੱਧਵਾਂ ਨਹਿਰ ਲੋਹਾਰਾ ਪੁਲ ਤੱਕ 200 ਫੁੱਟ ਚੌੜੀ, ਲੁੱਕਦਾਰ ਪੱਕੀ ਸੜਕ ਦਾ ਨਿਰਮਾਣ ਸ਼ਾਮਲ ਹੈ, ਜਿਸਦੀ ਅਨੁਮਾਨਤ ਲਾਗਤ 31.14 ਕਰੋੜ ਰੁਪਏ ਹੈ। ਇਸ 1.7 ਕਿਲੋਮੀਟਰ ਲੰਬਾ ਰਸਤੇ, ਜੋ ਕਿ ਮਿਸਿੰਗ ਲਿੰਕ-2 (ਭਾਗ-ਸੀ) ਦਾ ਹਿੱਸਾ ਹੈ, ਵਿੱਚ ਨਿਰਮਾਣ ਕਾਰਜ , ਜਨਤਕ ਸਿਹਤ ਸਹੂਲਤਾਂ, ਬਾਗਬਾਨੀ, ਅਤੇ ਰੋਸ਼ਨੀ ਲਈ ਬਿਜਲੀ ਦੇ ਖੰਭਿਆਂ ਦੇ ਨਾਲ- ਨਾਲ ਸੁਚਾਰੂ ਆਵਾਜਾਈ ਲਈ ਮੀਡੀਅਨ ਦੀ ਸਹੂਲਤ ਵੀ ਹੋਵੇਗੀ। ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ, ਅਤੇ ਠੇਕਾ-ਧਾਰਕ ਫਰਮ ਪੰਜ ਸਾਲਾਂ ਦੀ ਰੱਖ-ਰਖਾਅ ਯੋਜਨਾ ਤਹਿਤ ਗੁਣਵੱਤਾ ਅਤੇ ਹੰਢਣਸਾਰਤਾ ਨੂੰ ਯਕੀਨੀ ਬਣਾਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੜਕ ਆਰਥਿਕ ਵਿਕਾਸ ਨੂੰ ਵਧਾਏਗੀ ਅਤੇ ਸਿੱਧਵਾਂ ਨਹਿਰ ਲੋਹਾਰਾ ਅਤੇ ਇਸ ਨਾਲ ਆਲੇ- ਦੁਆਲੇ ਦੇ ਖੇਤਰਾਂ ਵਿੱਚ ਯਾਤਰੀਆਂ ਦਾ ਆਉਣ-ਜਾਣ ਹੋਰ ਬਿਹਤਰ ਤੇ ਆਸਾਨ ਹੋ ਜਾਵੇਗਾ।
ਦੂਜਾ ਮਹੱਤਵਪੂਰਨ ਉਪਰਾਲਾ ਸਾਹਨੇਵਾਲ ਹਲਕੇ ਵਿੱਚ ਖਾਸੀ ਕਲਾਂ ਤੋਂ ਤਾਜਪੁਰ ਚੂੰਗੀ ਤੱਕ 3.85 ਕਿਲੋਮੀਟਰ ਲੰਬੀ ਸੰਪਰਕ ਸੜਕ ਦੀ ਵਿਸ਼ੇਸ਼ ਮੁਰੰਮਤ ਕਰਨਾ ਹੈ, ਜਿਸਦਾ ਬਜਟ 3.31 ਕਰੋੜ ਰੁਪਏ ਹੈ। ਯਾਤਰੀਆਂ ਵੱਲੋਂ ਜ਼ਿਆਦਾਤਰ ਵਰਤਿਆ ਜਾਣ ਵਾਲਾ ਇਹ ਮੁੱਖ ਰਸਤਾ, ਤਾਜਪੁਰ ਸੜਕ ਦੇ ਆਲੇ-ਦੁਆਲੇ ਦੇ ਲੋਕਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕਰੇਗਾ,ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਉੱਚ-ਗੁਣਵੱਤਾ ਵਾਲੇ ਸੜਕੀ ਬੁਨਿਆਦੀ ਢਾਂਚੇ ਨੂੰ ਤਰਜੀਹ ਦੇਣ ਲਈ ਵਚਨਬੱਧ ਹੈ।
ਇਨ੍ਹਾਂ ਪ੍ਰੋਜੈਕਟਾਂ ਬਾਰੇ ਬੋਲਦਿਆਂ, ਮੁੰਡੀਆਂ ਨੇ ਕਿਹਾ, “ਸੂਬਾ ਸਰਕਾਰ ਪੰਜਾਬ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਅਤੇ ਸੁਹਿਰਦ ਯਤਨ ਕਰ ਰਹੀ ਹੈ। ਇਹ ਪਹਿਲਕਦਮੀਆਂ ਸੰਪਰਕ ਵਧਾਉਣ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਦੋਵੇਂ ਪ੍ਰੋਜੈਕਟ ਲੁਧਿਆਣਾ ਨੂੰ ਮਜ਼ਬੂਤ ਆਵਾਜਾਈ ਨੈੱਟਵਰਕਾਂ ਵਾਲੇ ਇੱਕ ਵਿਸ਼ਵ ਪੱਧਰੀ ਸ਼ਹਿਰ ਵਿੱਚ ਬਦਲਣ ਲਈ ਸੂਬਾ ਸਰਕਾਰ ਦੀ ਦੂਰਅੰਦੇਸ਼ੀ ਨੂੰ ਉਜਾਗਰ ਕਰਦੇ ਹਨ।