ਚੰਡੀਗੜ੍ਹ : ਪੰਜਾਬ ਦੇ ਸਿਹਤ ਮਹਿਕਮੇ ਦੇ 1 ਜਨਵਰੀ 2021 ਤੋਂ 12 ਅਪਰੈਲ 2021 ਦੇ ਅੰਕੜਿਆਂ ਉੱਤੇ ਜੇਕਰ ਗ਼ੌਰ ਕੀਤਾ ਜਾਵੇ ਤਾਂ ਸੂਬੇ ਦੇ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਕੋਰੋਨਾ ਪੌਜ਼ੀਟਿਵ ਕੇਸ ਦਰ 27 ਫ਼ੀਸਦੀ ਹੈ। ਦੂਜੇ ਪਾਸੇ ਜੇਕਰ ਸ਼ਹਿਰੀ ਖੇਤਰ ਦੀ ਅਸੀਂ ਗਲ ਕਰੀਏ ਤਾਂ ਇੱਥੇ ਪੌਜ਼ੀਟਿਵ ਕੇਸ 73 ਫ਼ੀਸਦੀ ਹਨ ਅਤੇ ਮੌਤ ਦਰ 42 ਫ਼ੀਸਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਵੀ ਮੌਤਾਂ ਵਧੇਰੇ ਹੋ ਰਹੀਆਂ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ 0.7 ਫ਼ੀਸਦੀ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਕੋਵਿਡ ਨਾਲ ਹੋਣ ਵਾਲੀ ਮੌਤ ਦਰ 2.8 ਫ਼ੀਸਦੀ ਹੈ। ਉਂਝ ਪੂਰੇ ਪੰਜਾਬ ਵਿੱਚ ਇਸ ਸਮੇਂ ਮੌਤ ਦਰ 2.0 ਫ਼ੀਸਦੀ ਹੈ। ਸਿੱਧੂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਹੈ ਕਿ ਪਿੰਡਾਂ ਵਿੱਚ ਮਰੀਜ਼ ਲੱਛਣ ਆਉਣ ਤੋਂ ਬਾਅਦ ਹਸਪਤਾਲ ਕਾਫ਼ੀ ਦੇਰੀ ਨਾਲ ਪਹੁੰਚ ਰਹੇ ਹਨ।
ਕੋਰੋਨਾਵਾਇਰਸ ਦਾ ਜਲਦੀ ਟੈੱਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾ ਕੇ ਜਾਂਚ ਕਰਵਾਉਣ।