ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਾਲ 2024-25 ਦੇ ਪੇਸ਼ ਕੀਤੇ ਆਪਣੇ ਕਾਰਜਕਾਲ ਵਿੱਚ ਮੁਲਾਜ਼ਮ ਵਰਗ ਲਈ ਕੋਈ ਐਲਾਨ ਨਾ ਕੀਤੇ ਜਾਣ ਤੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬੁੱਧਵਾਰ ਨੂੰ ਬਜ਼ਟ ਦੀਆਂ ਕਾਪੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ। ਸੂਬਾ ਸਰਕਾਰ ਦੇ ਨੌਕਰਸ਼ਾਹਾਂ ਅਤੇ ਪੈਨਸ਼ਨਰਾਂ ਨੇ ਲਗਾਤਾਰ ਦੋ ਦਿਨ ਬਜ਼ਟ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ । ਇਸੇ ਲੜੀ ਵਜੋਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ, ਵਿੱਤ ਸਕੱਤਰ ਦਲਜੀਤ ਢਿੱਲੋਂ, ਸੁਨਾਮ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ, ਜਗਸੀਰ ਸਿੰਘ, ਗੁਰਤੇਜ ਸਿੰਘ, ਕੁਲਦੀਪ ਗਰਗ, ਦਵਿੰਦਰ ਸਿੰਘ, ਮੈਡਮ ਰੇਣੂ ਅਤੇ ਸਰਦਾਰਾ ਸਿੰਘ ਨੇ ਸਿਵਲ ਹਸਪਤਾਲ ਸੁਨਾਮ ਦੇ ਬਾਹਰ ਅਤੇ ਪ੍ਰਾਇਮਰੀ ਹੈਲਥ ਸੈਂਟਰ ਜਖੇਪਲ ਵਿਖੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਦੀਆਂ ਕਾਪੀਆਂ ਸਾੜਕੇ ਰੋਸ ਜ਼ਾਹਿਰ ਕੀਤਾ। ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਮੁਲਾਜਮ ਵਰਗ ਨੇ ਬੜੇ ਚਾਅ ਦੇ ਨਾਲ ਸੱਤਾ ਵਿੱਚ ਲਿਆਂਦਾ ਸੀ ਪਰੰਤੂ ਇਸ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੋਈ ਕਦਮ ਨਹੀਂ ਚੁੱਕਿਆ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਛੇਵੇਂ ਤਨਖਾਹ ਕਮਿਸ਼ਨ ਦਾ ਜਨਵਰੀ 2016 ਏਰੀਅਰ ਅਤੇ ਤਰੁੱਟੀਆਂ ਦੂਰ ਕਰਨ ਸਮੇਤ ਡੀ ਏ ਦੀਆਂ ਦੋ ਕਿਸ਼ਤਾਂ ਅੱਠ ਫੀਸਦੀ ਦੇਣ, ਕੰਟਰੈਕਟ ਦੇ ਮੁਲਾਜ਼ਮਾਂ ਨੂੰ ਰੈਗਲੂਰ ਕਰਨ, ਏ ਸੀ ਪੀ ਸਕੀਮ 4,9,14 ਸਾਲਾਂ ਬਹਾਲ ਕਰਨ ਸਮੇਤ ਪੰਜਾਬ ਦੇ ਛੇ ਲੱਖ ਮੁਲਾਜ਼ਮ ਪੈਨਸ਼ਨਰਾਂ ਦੀ ਕਿਸੇ ਮੰਗ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਪਣੇ ਹਰ ਇੱਕ ਵਾਅਦੇ ਤੋਂ ਮੁੱਕਰੀ ਹੈ ਮੁਲਾਜਮ ਵਰਗ ਵਿੱਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਸਿਹਤ ਕਾਮਿਆਂ ਨੇ ਕਿਹਾ ਕਿ ਇਸੇ ਰੋਸ ਦੇ ਮੱਦੇਨਜਰ ਸਾਰੇ ਪੰਜਾਬ ਵਿੱਚ ਮੁਲਾਜ਼ਮ ਵਰਗ ਬਜ਼ਟ ਦੀਆਂ ਕਾਪੀਆਂ ਸਾੜ ਰਿਹਾ ਹੈ। ਇਸ ਮੌਕੇ ਸਿਮਰਦੀਪ ਕੌਰ, ਨਰੇਸ਼ ਕੁਮਾਰ, ਅੰਜਨਾ ਸ਼ਰਮਾ, ਸੂਰਜ ਪ੍ਰਕਾਸ਼, ਰਣਜੀਤ ਕੌਰ, ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।