ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਆਪਣੇ ਵੱਖ-ਵੱਖ ਕੋਰਸਾਂ, ਸਹੂਲਤਾਂ ਅਤੇ ਸੇਵਾਵਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ 'ਇੰਡਕਸ਼ਨ ਪ੍ਰੋਗਰਾਮ' ਕਰਵਾਇਆ ਗਿਆ। ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਦੱਸਿਆ ਕਿ ਸੈਂਟਰ ਵਿਖੇ ਆਪਣੇ ਦਾਖਲਾ ਫਾਰਮ ਭਰ ਚੁੱਕੇ ਵਿਦਿਆਰਥੀਆਂ ਲਈ ਇਹ ਇੰਡਕਸ਼ਨ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਕੇਂਦਰ ਵੱਲੋਂ ਕਰਵਾਏ ਜਾ ਰਹੇ ਕੋਰਸਾਂ ਅਤੇ ਵੱਖ-ਵੱਖ ਸਹੂਲਤਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਦੇ ਕੰਮਕਾਜ ਅਤੇ ਕੋਰਸਾਂ ਦੀ ਪ੍ਰਕਿਰਤੀ ਤੋਂ ਜਾਣੂ ਕਰਵਾਇਆ ਗਿਆ। ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਅਧਿਆਪਨ-ਸਿਖਲਾਈ ਵਿਧੀਆਂ ਅਤੇ ਹੋਰ ਪਹਿਲੂਆਂ ਤੋਂ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਵਿਭਾਗ ਦੀ ਵੈੱਬਸਾਈਟ, ਲਾਇਬ੍ਰੇਰੀ ਸਹੂਲਤ ਅਤੇ ਅਧਿਐਨ ਸਮੱਗਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਕੇਂਦਰ ਅਤੇ ਆਲ਼ੇ-ਦੁਆਲ਼ੇ ਦੇ ਕੈਂਪਸ ਦਾ ਦੌਰਾ ਕਰਵਾਇਆ ਗਿਆ।ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਡਿਸਟੈਂਸ ਐਜੂਕੇਸ਼ਨ ਬਿਊਰੋ ਦੁਆਰਾ ਪ੍ਰਵਾਨਿਤ ਬੀ.ਏ., ਬੀ.ਲਿਬ., ਬੀ.ਕਾਮ ਅਤੇ ਐੱਮ.ਏ. ਅੰਗਰੇਜ਼ੀ, ਐੱਮ.ਏ. ਐਜੂਕੇਸ਼ਨ, ਐੱਮ.ਬੀ.ਏ. ਅਤੇ ਮਾਸਟਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਪਹਿਲੇ ਸਾਲ (ਸਮੈਸਟਰ ਪਹਿਲਾ) ਦੇ ਦਾਖਲੇ ਇਨ੍ਹੀਂ ਦਿਨੀਂ ਇਸ ਕੇਂਦਰ ਵਿਖੇ ਜਾਰੀ ਹਨ। ਪ੍ਰੋ. ਹਰਵਿੰਦਰ ਕੌਰ ਨੇ ਦੱਸਿਆ ਕਿ ਕਿਉਂਕਿ ਦਾਖਲੇ 31 ਮਾਰਚ 2024 ਤੱਕ ਜਾਰੀ ਰਹਿਣਗੇ, ਇਸ ਲਈ ਕੇਂਦਰ ਵੱਲੋਂ ਅਪ੍ਰੈਲ, 2024 ਦੇ ਪਹਿਲੇ ਹਫ਼ਤੇ ਬਾਕੀ ਬਚੇ ਵਿਦਿਆਰਥੀਆਂ ਲਈ ਇੱਕ ਹੋਰ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਜਾਵੇਗਾ।