ਪਟਿਆਲਾ : ਗੁਰਦੁਆਰਾ ਨੰਦਪੁਰ ਕੇਸ਼ੋ ਵਿਖੇ ਸ਼ੋ੍ਮਣੀ ਭਗਤ ਬਾਬਾ ਧੰਨਾ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਭਗਵਾਨ ਦਾਸ ਦੀ ਯੋਗ ਅਗਵਾਈ ਵਿਚ ਧਾਰਮਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਬਾਬਾ ਧੰਨਾ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਹਜੂਰੀ ਰਾਗੀ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਧਾਰਮਕ ਸਮਾਗਮ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪੁੱਜੇ ਹੋਏ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਸੰਗਤਾਂ ਨੂੰ ਬਾਬਾ ਧੰਨਾ ਭਗਤ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਪ੍ਰੇਰਨਾ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ ਭਗਤਾਂ ਅਤੇ ਭੱਟਾ ਦੀ ਬਾਣੀ ਨੂੰ ਅਹਿਮ ਦਰਜਾ ਦਿੱਤਾ ਗਿਆ, ਜੋ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਸ਼ੋ੍ਰਮਣੀ ਭਗਤ ਧੰਨਾ ਜੀ ਨੇ ਹਮੇਸ਼ਾ ਮਾਨਵਤਾ ਨੂੰ ਜੀਵਨ ਅੰਦਰ ਸੁੱਚੀ ਕਿਰਤ ਅਤੇ ਪ੍ਰਮਾਤਮਾ ਦੇ ਬਾਣੇ ਵਿਚ ਰਹਿਣ ਦਾ ਮਾਰਗ ਵਿਖਾਇਆ। ਉਨ੍ਹਾਂ ਦਾ ਸਮੁੱਚਾ ਜੀਵਨ ਸਮੁੱਚਾ ਮਨੁੱਖਤਾ ਲਈ ਪ੍ਰੇਰਨਾਮਈ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਬਾਬਾ ਭਗਵਾਨ ਦਾਸ ਨੇ ਵੀ ਪੁੱਜੀਆਂ ਸਖਸ਼ੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਾਬਕਾ ਪ੍ਰਧਾਨ ਪੋ੍ਰ. ਕਿਰਪਾਲ ਸਿੰਘ ਬਡੂੰਗਰ ਨੂੰ ਸਿਰੋਪਾਓ ਨਾਲ ਸਨਮਾਨਤ ਵੀ ਕੀਤਾ।