ਪਟਿਆਲਾ : ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ ਪਟਿਆਲਾ ਰਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਅੰਦਰ ਮੋਟਰ ਵਹੀਕਲ ਐਕਟ 1988 ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾਂਦੇ ਹਨ ਅਤੇ ਜੇਕਰ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਅਧੀਨ ਰੂਲ 167 ਦੇ ਤਹਿਤ 90 ਦਿਨਾਂ ਦੇ ਅੰਦਰ-ਅੰਦਰ ਚਲਾਨ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਵਿਭਾਗ ਵੱਲੋਂ ਸਬੰਧਤ ਵਹੀਕਲਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਾਹਨ ਬਲੈਕ ਲਿਸਟ ਹੋਣ ਕਾਰਨ ਸਬੰਧਿਤ ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਚਲਾਨ ਦੀ ਬਣਦੀ ਰਕਮ ਸਮੇਂ ਸਿਰ ਦਫ਼ਤਰ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ, ਪਟਿਆਲਾ ਵਿਖੇ ਜਮ੍ਹਾਂ ਕਰਵਾਉਣ। ਚਲਾਨ ਦੀ ਬਣਦੀ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਵਾਹਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।