ਛਾਜਲੀ ਵਿਖੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਕਿਸਾਨੀ ਮੰਗਾਂ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਪੁਲਸੀਆ ਜ਼ਬਰ ਨਾਲ ਖਦੇੜਕੇ ਟਰਾਲੀਆਂ ਅਤੇ ਹੋਰ ਸਾਮਾਨ ਪੁਲਿਸ ਅਤੇ ਹਾਕਮ ਧਿਰ ਦੇ ਕਈ ਆਗੂ ਆਪਣੇ ਘਰਾਂ ਵਿੱਚ ਲੈ ਗਏ ਜਿਹੜਾ ਉਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ। ਸਨਿੱਚਰਵਾਰ ਨੂੰ ਸੁਨਾਮ ਨੇੜਲੇ ਪਿੰਡ ਛਾਜਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਜਸਵੀਰ ਸਿੰਘ ਮੈਦੇਵਾਸ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਰਕਾਰ ਦੇ ਜ਼ਬਰ ਖ਼ਿਲਾਫ਼ ਕਿਸਾਨ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਦਾ ਘਿਰਾਓ ਕਰਨਗੇ। ਕਿਸਾਨ ਆਗੂਆਂ ਜਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ ਅਤੇ ਰਾਜ ਸਿੰਘ ਥੇੜ੍ਹੀ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਿੱਛੇ ਹਟ ਰਹੀਆਂ ਹਨ। ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਵਿਰੋਧ ਵਿੱਚ ਆ ਗਈ ਹੈ। ਆਮ ਆਦਮੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅੰਦੋਲਨ ਲੰਮਾ ਚਲਾਇਆ ਜਾ ਸਕਦਾ ਹੈ। ਇਸ ਮੌਕੇ ਸੁਖਦੇਵ ਸ਼ਰਮਾ, ਹਰਦੇਵ ਕੁਲਾਰ, ਕੁਲਵਿੰਦਰ ਸਿੰਘ, ਕਰਮਜੀਤ ਕੌਰ ਭਿੰਡਰਾਂ, ਪਰਮਜੀਤ ਕੌਰ ਛਾਜਲੀ, ਮੱਖਣ ਸਿੰਘ ਪਾਪੜਾ, ਗੁਰਪ੍ਰੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਲੱਖੇਵਾਲ, ਸੁਖਦੇਵ ਲੌਂਗੋਵਾਲ ਅਤੇ ਹੋਰ ਆਗੂ ਹਾਜ਼ਰ ਸਨ।