ਸੁਨਾਮ : ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਜਖੇਪਲ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬਜ਼ਟ ਦੀਆਂ ਕਾਪੀਆਂ ਸਾੜਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂ ਦਲਜੀਤ ਸਿੰਘ ਢਿੱਲੋਂ, ਅੰਜਨਾ ਸ਼ਰਮਾ ਅਤੇ ਕੁਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੇ ਪੇਸ਼ ਕੀਤੇ ਬਜ਼ਟ ਵਿੱਚ ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸਰਕਾਰ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਤਰੁਟੀਆਂ ਨੂੰ ਦੂਰ ਨਹੀਂ ਕੀਤਾ ਕੈਟਾਗਿਰੀ ਮੁਤਾਬਿਕ ਸਕੇਲ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ ਕੇਂਦਰੀ ਸਕੇਲ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਦਹਾਕਿਆਂ ਤੋਂ ਕੰਟਰੈਕਟ ਤੇ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਬਜ਼ਟ ਵਿੱਚ ਕੋਈ ਮਦ ਸ਼ਾਮਿਲ ਨਹੀਂ ਕੀਤੀ ਗਈ। ਇਸ ਮੌਕੇ ਸਰਦਾਰਾ ਸਿੰਘ, ਨਰੇਸ਼ ਕੁਮਾਰ, ਰਣਜੀਤ ਕੌਰ, ਹਰਭਜਨ ਕੌਰ, ਨੀਲਮ ਰਾਣੀ, ਮਨਦੀਪ ਕੌਰ, ਭਵਨਦੀਪ ਕੌਰ, ਰੀਟਾ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ ਤੇ ਹੋਰ ਮੈਂਬਰ ਹਾਜ਼ਰ ਸਨ।