ਦੁਕਾਨਦਾਰਾਂ ਦੇ ਚਿਹਰਿਆਂ ਤੇ ਮੁੜ ਪਰਤੀ ਰੌਣਕ
ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਅਤੇ ਲੋਕ ਪੱਖੀ ਸੋਚ ਸਦਕਾ ਲੰਮੇ ਸਮੇਂ ਤੋਂ ਚਲਦੀ ਆ ਰਹੀ ਮੰਗ ਪੁਰਾਣਾ ਬੱਸ ਅੱਡਾ ਨੂੰ ਅੱਜ ਦੀ ਮੁੱਖ ਮੰਤਰੀ ਵਪਾਰਕ ਮਿਲਣੀ ਦੌਰਾਨ ਕੀਤੇ ਐਲਾਨ ਮਗਰੋਂ ਆਪਰੇਸ਼ਨਲ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਲੋਕ ਸਹੂਲਤ ਲਈ ਸ਼ੁਰੂ ਹੋਏ ਬੱਸ ਅੱਡੇ ਦੇ ਪ੍ਰਬੰਧਾ ਦਾ ਮੁਆਇਨਾ ਕਰਨ ਪੁੱਜੇ ਪੀਆਰਟੀਸੀ ਚੇਅਰਮੈਨ ਅਤੇ ਆਪ ਦੇ ਸੂਬਾ ਸਕੱਤਰ ਪੰਜਾਬ ਰਣਜੋਧ ਸਿੰਘ ਹਡਾਣਾ ਨੇ ਇਸ ਤੋਹਫੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਬੱਸ ਅੱਡੇ ਦੇ ਸ਼ੁਰੂ ਹੋਣ ਨਾਲ ਦੁਕਾਨਦਾਰਾਂ ਦੇ ਚਿਹਰੇ ਤੇ ਮੁੜ ਰੋਣਕ ਪਰਤ ਆਈ ਹੈ। ਇਸੇ ਸੰਬੰਧ ਵਿੱਚ ਦੁਕਾਨਦਾਰਾਂ ਨੇ ਚੇਅਰਮੈਨ ਹਡਾਣਾ ਦਾ ਪੁਰਾਣੇ ਬੱਸ ਅੱਡੇ ਪੁੱਜਣ ਤੇ ਧੰਨਵਾਦ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਦੇ ਇੱਥੋਂ ਬਦਲ ਕੇ ਨਵੀਂ ਜਗਾਂ ਜਾਣ ਨਾਲ ਸ਼ਹਿਰ ਦੇ ਸਥਾਨਕ ਲੋਕਾਂ ਅਤੇ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੇ ਪੁਰਾਣੇ ਬੱਸ ਅੱਡੇ ਨੂੰ ਮੁੜ ਸ਼ੁਰੂ ਕਰਨ ਲਈ ਕਈ ਵਾਰ ਆਪਣੀ ਮੰਗ ਰੱਖੀ ਸੀ। ਜਿਸ ਤੇ ਬੂਰ ਪੈਣ ਨਾਲ ਲੋਕਾਂ ਦੇ ਨਾਲ ਨਾਲ ਦੁਕਾਨਦਾਰਾਂ ਵਿੱਚ ਵੀ ਖੁਸ਼ੀ ਦਾ ਮਾਹੋਲ ਹੈ। ਉਨਾ ਕਿਹਾ ਕਿ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀ ਅਤੇ ਸਥਾਨਕ ਬਜ਼ਾਰਾਂ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕ, ਰੋਜਾਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਵੀ ਇਸ ਅੱਡੇ ਦੇ ਸ਼ੁਰੂ ਹੋਣ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਚੈਅਰਮੈਨ ਹਡਾਣਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ ਐਮ ਮਾਨ ਵਲੋਂ ਪਟਿਆਲਾ ਵਾਸੀਆ ਨੂੰ ਜਲਦ ਇਲੈਕਟਰੀਕਲ ਬੱਸਾਂ ਦਾ ਤੋਹਫ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ ਵੱਲੋਂ ਸ਼ੁਰੂਆਤੀ ਦੌਰ ਵਿੱਚ ਮੁੜ ਸ਼ੁਰੂ ਹੋਏ ਇਸ ਅੱਡੇ ਵਿੱਚ 60 ਬੱਸਾ ਨੂੰ ਚਲਾਇਆ ਜਾਵੇਗਾ। ਇਸ ਮਗਰੋਂ ਲੋਕਾਂ ਦੀ ਸਹੂਲਤ ਲਈ ਹੋਰ ਬੱਸਾਂ ਨੂੰ ਵੀ ਇਸ ਅੱਡੇ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਨਾਂ ਬੱਸਾਂ ਨੂੰ 30 ਤੋਂ 40 ਕਿਲੋਂਮੀਟਰ ਦੇ ਘੇਰੇ ਵਿੱਚ ਚਲਾਇਆ ਜਾਵੇਗਾ। ਜਿਸ ਵਿੱਚ ਨਾਭਾ, ਸਮਾਣਾ, ਭਾਦਸੋਂ, ਚੀਕਾ, ਰਾਜਪੁਰਾ, ਘਨੋਰ, ਘੜਾਮ, ਭਵਾਨੀਗੜ ਆਦਿ ਸ਼ਾਮਲ ਹੋਣਗੇ। ਦੂਜੇ ਗੇੜ ਦੀਆਂ ਬੱਸਾਂ ਵਿੱਚ ਪਟਿਆਲਾ ਤੋਂ ਚੀਕਾ, ਪਟਿਆਲਾ ਤੋਂ ਘੜਾਮ ਅਤੇ ਦੇਵੀਗੜ ਅਤੇ ਪਟਿਆਲਾ ਤੋਂ ਰਾਜਪੁਰਾ ਸ਼ਾਮਲ ਹੋਵੇਗਾ। ਇਸ ਮੌਕੇ ਮਹਿਕਮੇਂ ਦੇ ਪਟਿਆਲਾ ਡੀਪੂ ਜੀ ਐਮ ਅਮਨਵੀਰ ਸਿੰਘ ਟਿਵਾਣਾ, ਐਕਸੀਅਨ ਜਤਿੰਦਰ ਗਰੇਵਾਲ, ਐਸ ਐਲ ਏ ਮਨਿੰਦਰਜੀਤ ਸਿੱਧੂ, ਪੀ ਏ ਟੁ ਚੇਅਰਮੈਂਨ ਰਮਨਜੋਤ ਸਿੰਘ, ਹਰਪਿੰਦਰ ਸਿੰਘ ਚੀਮਾਂ, ਰਾਜਾ ਧੰਜੂ ਪ੍ਰਧਾਨ ਬੀ ਸੀ ਵਿੰਗ, ਲਾਲੀ ਰਹਿਲ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਹਨੀ ਮਾਹਲਾ, ਅਰਵਿੰਦਰ ਸਿੰਘ ਅਤੇ ਹੋਰ ਸੈਂਕੜੇ ਦੁਕਾਨਦਾਰਾ ਮੌਜੂਦ ਸਨ।