ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸਮੁਦਾਇ ਸੇਵਾਵਾਂ ਵਿਭਾਗ ਵੱਲੋਂ ਖੋਜ ਨੈਤਿਕਤਾ ਦੇ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਉੱਤਰ ਪ੍ਰਦੇਸ਼ ਵਿਚਲੀ ਲਖਨਊ ਯੂਨੀਵਰਸਿਟੀ, ਲਖਨਊ ਦੇ ਸਿੱਖਿਆ ਵਿਭਾਗ ਤੋਂ ਪ੍ਰੋ. ਅਮਿਤਾ ਬਾਜਪਾਈ ਵੱਲੋਂ ਦਿੱਤਾ ਗਿਆ।
ਪ੍ਰੋ. ਬਾਜਪਾਈ ਨੇ ਖੋਜ ਨੈਤਿਕਤਾ ਦੀਆਂ ਕਿਸਮਾਂ, ਖੋਜ ਦੇ ਖੇਤਰ ਵਿੱਚ ਚਲਦੇ ਵੱਖ-ਵੱਖ ਅਨੈਤਿਕ ਅਭਿਆਸਾਂ ਬਾਰੇ ਗੱਲ ਕੀਤੀ। ਉਨ੍ਹਾਂ ਖੋਜ ਗੁਣਵੱਤਾ ਨੂੰ ਬਣਾਈ ਰੱਖਣ ਲਈ ਅਪਣਾਈਆਂ ਜਾ ਸਕਣ ਵਾਲੀਆਂ ਰਣਨੀਤੀਆਂ ਸਮੇਤ ਵੱਖ-ਵੱਖ ਪਹਿਲੂਆਂ ਉੱਤੇ ਵਿਸਥਾਰ ਨਾਲ਼ ਆਪਣੇ ਵਿਚਾਰ ਰੱਖੇ ।
ਉਨ੍ਹਾਂ ਆਪਣੇ ਭਾਸ਼ਣ ਰਾਹੀਂ ਅਕਾਦਮਿਕ ਭਾਈਚਾਰੇ ਦੇ ਅੰਦਰ ਅਖੰਡਤਾ ਅਤੇ ਉੱਤਮਤਾ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਖੋਜ ਵਿਚਲੇ ਨੈਤਿਕ ਵਿਚਾਰਾਂ ਦੀ ਮਹੱਤਤਾ ਬਾਰੇ ਸਮਝ ਪ੍ਰਦਾਨ ਕੀਤੀ। ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੂਚਨਾ ਵਿਗਿਆਨ ਨਾਲ਼ ਸੰਬੰਧਤ ਫ਼ੈਕਲਟੀ ਦੇ ਡੀਨ ਪ੍ਰੋ. ਪੁਸ਼ਪਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਵਿੱਚ ਵਿਭਾਗ ਦੇ ਫੈਕਲਟੀ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।