ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਨੇ ਸਿਵਲ ਸਰਜਨ (ਸੇਵਾਮੁਕਤ), ਰੂਪਨਗਰ ਡਾਕਟਰ ਪਰਮਿੰਦਰ ਕੁਮਾਰ ਨੂੰ ਆਪਣੇ ਅਧੀਨ ਕੰਮ ਕਰਨ ਵਾਲੇ ਡਾਕਟਰਾਂ ਨੂੰ ਨਗਦ ਜਾਂ ਕਿਸੇ ਹੋਰ ਰੂਪ ਵਿੱਚ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਡਾ. ਨਰੇਸ਼ ਕੁਮਾਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਇਹ ਪਾਇਆ ਕਿ ਉਕਤ ਸਿਵਲ ਸਰਜਨ ਆਪਣੇ ਮਾਤਹਿਤ ਡਾਕਟਰਾਂ ਤੋਂ ਰਿਸ਼ਵਤ ਲੈਣ ਲਈ ਉਨ੍ਹਾਂ ਨੂੰ ਬੇਵਜ੍ਹਾ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਅਤੇ ਡੈਪੂਟੇਸ਼ਨ ਲਈ ਅਣ ਅਧਿਕਾਰਤ ਆਦੇਸ਼ਾਂ ਆਦਿ ਰਾਹੀਂ ਤੰਗ-ਪ੍ਰੇਸ਼ਾਨ ਕਰਦਾ ਸੀ। ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਗਿਆ ਹੈ ਕਿ ਮੁਲਜ਼ਮ ਨੇ ਮਿਤੀ 21.10.2021 ਨੂੰ ਇੱਕ ਮੀਟਿੰਗ ਦੌਰਾਨ ਡਾਕਟਰਾਂ ਤੋਂ ਰਿਸ਼ਵਤ ਮੰਗੀ ਸੀ, ਜਿਸ ਉਪਰੰਤ ਡਾਕਟਰ ਤਰਸੇਮ ਸਿੰਘ ਨੇ ਉਸ ਨੂੰ 10,000 ਰੁਪਏ ਵੀ ਦਿੱਤੇ ਸਨ।
ਇਸ ਤੋਂ ਇਲਾਵਾ ਉਕਤ ਮੁਲਜ਼ਮ ਨੇ ਡਾ. ਸਤਵਿੰਦਰ ਪਾਲ ਅਤੇ ਡਾ. ਵਿਕਰਾਂਤ ਸਰੋਆ ਜ਼ਰੀਏ 20-20 ਹਜ਼ਾਰ ਰੁਪਏ ਰਿਸ਼ਵਤ ਵੀ ਲਈ ਅਤੇ ਅਤੇ ਸ਼ਿਕਾਇਤ ਕਰਤਾ ਨੂੰ ਉਸ ਦੇ ਰਿਹਾਇਸ਼ੀ ਕੁਆਰਟਰ ਦਾ 2,764 ਰੁਪਏ ਦਾ ਬਿਜਲੀ ਬਿੱਲ ਭਰਨ ਲਈ ਵੀ ਕਿਹਾ। ਉਪਰੋਕਤ ਤੋਂ ਇਲਾਵਾ ਡਾ. ਪਰਮਿੰਦਰ ਕੁਮਾਰ ਦੇ ਨਿਯਮਤ ਖਰਚੇ ਉਸਦੀ ਤਨਖਾਹ ਨਾਲ ਮੇਲ ਨਹੀਂ ਖਾਂਦੇ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਡਾ. ਪਰਮਿੰਦਰ ਕੁਮਾਰ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫ.ਆਈ.ਆਰ. ਨੰਬਰ 14, ਮਿਤੀ 15.03.2024 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।