ਪਟਿਆਲਾ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅੱਜ ਪੰਜਾਬ ਅਤੇ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਸੀ ਤਾਲਮੇਲ ਮੀਟਿੰਗ ਕੀਤੀ ਗਈ, ਜਿਸ ਵਿੱਚ ਅਮਨ ਸ਼ਾਂਤੀ ਨਾਲ ਲੋਕ ਸਭਾ ਚੋਣਾਂ ਕਰਵਾਉਣ ਦਾ ਅਹਿਦ ਲਿਆ ਗਿਆ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਹਰਿਆਣਾ ਦੇ ਪਟਿਆਲਾ ਦੀਆਂ ਹੱਦਾਂ ਨਾਲ ਲੱਗਦੇ ਜ਼ਿਲ੍ਹਿਆਂ, ਕੁਰੂਕਸ਼ੇਤਰਾ, ਜੀਂਦ, ਕੈਥਲ ਤੇ ਅੰਬਾਲਾ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਅੰਤਰਰਾਜੀ ਤਾਲਮੇਲ ਵਰਚੂਅਲ ਮੀਟਿੰਗ ਕੀਤੀ। ਇਸ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ, ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਸਮੇਤ ਪੰਜਾਬ ਅਤੇ ਹਰਿਆਣਾ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਦੋਵਾਂ ਰਾਜਾਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਲੋਕ ਸਭਾ ਚੋਣਾਂ ਨੂੰ ਨਿਰਪੱਖ, ਨਿਰਵਿਘਨ ਅਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਕਰਵਾਉਣ ਲਈ ਸਾਂਝੀ ਰਣਨੀਤੀ 'ਤੇ ਚਰਚਾ ਕੀਤੀ ਗਈ। ਇਸ ਤੋਂ ਬਿਨ੍ਹਾਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਆਦਰਸ਼ ਚੋਣ ਜਾਬਤਾ ਸਖ਼ਤੀ ਨਾਲ ਲਾਗੂ ਕਰਨ ਸਮੇਤ ਹੋਰ ਅਹਿਮ ਮਸਲਿਆਂ 'ਤੇ ਗੰਭੀਰ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਅੰਤਰਰਾਜੀ ਤਾਲਮੇਲ ਮੀਟਿੰਗ 'ਚ ਅੰਬਾਲਾ ਦੇ ਡੀ.ਸੀ. ਡਾ. ਸ਼ਾਲੀਨ, ਕੁਰੂਕਸ਼ੇਤਰਾ ਦੇ ਡੀ.ਸੀ. ਸ਼ੰਤਾਨੂੰ ਸ਼ਰਮਾ, ਕੈਥਲ ਦੇ ਡੀ.ਸੀ. ਪ੍ਰਸ਼ਾਤ ਪਵਾਰ, ਜੀਂਦ ਦੇ ਡੀ.ਸੀ. ਮੁਹੰਮਦ ਇਮਰਾਨ ਰਜ਼ਾ, ਐਸ.ਪੀ. ਅੰਬਾਲਾ ਜਸ਼ਨਦੀਪ ਰੰਧਾਵਾ, ਐਸ.ਪੀ. ਕੁਰੂਕਸ਼ੇਤਰਾ ਸੁਰਿੰਦਰ ਸਿੰਘ, ਐਸ.ਪੀ. ਕੈਥਲ ਉਪਾਸਨਾ, ਐਸ.ਪੀ. ਜੀਂਦ ਸੁਮਿਤ ਕੁਮਾਰ ਨੇ ਵਰਚੂਅਲ ਮੀਟਿੰਗ 'ਚ ਹਿੱਸਾ ਲਿਆ।
ਮੀਟਿੰਗ ਦੌਰਾਨ ਗਵਾਂਢੀ ਸੂਬੇ ਦੇ ਪਟਿਆਲਾ ਨਾਲ ਲੱਗਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਲੋੜੀਂਦੀ ਸੂਚਨਾ ਦਾ ਆਦਾਨ ਪ੍ਰਦਾਨ ਕਰਨ, ਲੋਕ ਸਭਾ ਚੋਣਾਂ ਦੌਰਾਨ ਜਿਥੇ ਚੋਣ ਅਮਲ 'ਤੇ ਪ੍ਰਭਾਵ ਪਾ ਸਕਣ ਵਾਲੇ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਤੇ ਬਿਹਤਰ ਤਾਲਮੇਲ ਕਰਕੇ ਇਹ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਉਣ ਦਾ ਅਹਿਦ ਕੀਤਾ ਉਥੇ ਹੀ ਹਰ ਪ੍ਰਕਾਰ ਦੇ ਨਸ਼ਿਆਂ ਦੀ ਤਸਕਰੀ ਸਮੇਤ ਸ਼ਰਾਬ, ਨਜਾਇਜ਼ ਹਥਿਆਰਾਂ ਤੇ ਗ਼ੈਰਕਾਨੂੰਨੀ ਨਗ਼ਦੀ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਸਾਂਝੀ ਰਣਨੀਤੀ ਬਣਾਈ ਗਈ। ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਸਮੇਤ ਲੋਕ ਸਭਾ ਚੋਣਾਂ ਨੂੰ ਨਿਰਪੱਖ ਤੇ ਨਿਰਵਿਘਨਤਾ ਸਹਿਤ ਕਰਵਾਉਣ ਲਈ ਗਵਾਂਢੀ ਰਾਜ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਰਣਨੀਤੀ ਉਲੀਕੀ ਗਈ ਹੈ।
ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਦੋਵਾਂ ਰਾਜਾਂ ਨੂੰ ਜੋੜਦੇ ਸਾਰੇ ਕੱਚੇ ਤੇ ਪੱਕੇ ਮਾਰਗਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਲਈ ਪੱਕੇ ਨਾਕਿਆਂ ਸਮੇਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਨਾਲ ਹੀ ਪੈਟਰੋਲਿੰਗ ਤੇ ਅਚਨਚੇਤ ਨਾਕੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ 13 ਅੰਤਰਰਾਜੀ ਪੱਕੇ ਨਾਕੇ ਲਗਾਏ ਗਏ ਹਨ, ਜਿਥੇ ਸੀ.ਸੀ.ਟੀ.ਵੀ ਕੈਮਰਿਆ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਐਕਸਾਈਜ਼ ਦਿਲਪ੍ਰੀਤ ਸਿੰਘ ਚਹਿਲ, ਰੁਪਿੰਦਰਜੀਤ ਸਿੰਘ ਤੇ ਰਾਜੇਸ਼ ਸਮੇਤ ਚੋਣ ਤਹਿਸੀਲਦਾਰ ਵਿਜੈ ਕੁਮਾਰ ਚੌਧਰੀ ਮੌਜੂਦ ਸਨ।