ਪਟਿਆਲਾ : ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਅੱਜ ਇੱਥੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਵਲੰਟੀਅਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਆਪ ਉਮੀਦਵਾਰ ਡਾ: ਬਲਬੀਰ ਸਿੰਘ ਦੇ ਹੱਕ ’ਚ ਇਕਜੁੱਟ ਹੋ ਕੇ ਜੁਟਣ ਲਈ ਸਮੂਹ ਵਲੰਟੀਅਰਾਂ ਅਤੇ ਆਗੂਆਂ ਨੂੰ ਸੱਦਾ ਦਿੱਤਾ। ਇਸ ਮੌਕੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮਹਿਲਾ ਵਿੰਗ ਆਗੂ ਵੀਰਪਾਲ ਕੌਲ ਚਹਿਲ ਅਤੇ ਜਰਨੈਲ ਸਿੰਘ ਮਨੂੰ, ਗੁਰਜੀਤ ਸਿੰਘ ਸਾਹਨੀ ਸਮੇਤ ਵੱਡੀ ਗਿਣਤੀ ’ਚ ਪਾਰਟੀ ਦੇ ਆਗੂ ਅਤੇ ਵਲੰਟੀਅਰ ਮੌਜੂਦ ਰਹੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਹਾਜ਼ਰ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵੀ ਪੰਜਾਬੀਆਂ ਨਾਲ ਵਾਅਦੇ ਕੀਤੇ ਸੀ, ਉਹ ਲਗਭਗ ਪੂਰੇ ਹੋਣ ਕਿਨਾਰੇ ਹਨ।
ਉਨ੍ਹਾਂ ਕਿਹਾ ਕਿ ਬਹੁਗਿਣਤੀ ਵਾਅਦੇ ਅਤੇ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਹਨ, ਜਦਕਿ ਜੋ ਰਹਿ ਗਏ ਹਨ, ਉਨ੍ਹਾਂ ਨੂੰ ਜਲਦੀ ਪੂਰਾ ਕਰਕੇ ਪੰਜਾਬੀਆਂ ਨਾਲ ਕੀਤਾ ਵਾਅਦਾ ਨਿਭਾਇਆ ਜਾਵੇਗਾ। ਡਾ: ਬਲਬੀਰ ਸਿੰਘ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਉਨ੍ਹਾਂ ਦੀਆ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜਿਸ ਦਾ ਸਬੂਤ ਪਿਛਲੇ ਦੋ ਸਾਲਾ ਤੋਂ ਕਿਸਾਨਾ-ਮਜਦੂਰਾ ਨਾਲ ਕੀਤੇ ਵਾਅਦੇ ਤੋਂ ਮੁਕਰ ਕੇ ਉਨ੍ਹਾਂ ਨਾਲ ਦੁਸ਼ਮਨਾ ਵਾਲਾ ਸਲੂਕ ਵਰਤਿਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਦੇ ਲੋਕ ਜਿਨ੍ਹਾਂ ਦੀ ਹੁਣ ਤੱਕ ਪਹਿਲੀ ਵਾਰ ਆਪ ਸਰਕਾਰ ਨੇ ਸਾਰ ਲਈ ਹੈ। ਇੱਥੋਂ ਦੇ ਵੋਟਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰਿਵਾਇਤੀ ਪਾਰਟੀਆਂ ਦੇ ਆਗੂ ਸਿਰਫ ਚੋਣਾਂ ਦੌਰਾਨ ਹੀ ਸਾਹਮਣੇ ਆਉਂਦੇ ਸਨ, ਜਦਕਿ ਪਹਿਲੀ ਵਾਰ ਹੋਇਆ ਹੈ ਕਿ ਆਮ ਲੋਕਾਂ ਨਾਲ ਵੀ ਰੋਜ਼ਾਨਾ ਰਾਬਤਾ ਕੀਤਾ ਜਾਂਦਾ ਰਿਹਾ ਹੈ।
ਉਨ੍ਹਾਂ ਵੰਲਟੀਅਰਾਂ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਕਿ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਾਰੇ ਵੰਲਟੀਅਰ ਘਰ-ਘਰ ਜਾ ਕੇ ਆਪ ਦੀਆਂ ਨੀਤੀਆ ਦੱਸ ਕੇ ਹੱਕ ਵਿਚ ਪ੍ਰਚਾਰ ਕਰਨ, ਤਾਂ ਕਿ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਜਿੱਤ ਕੇ ਪੰਜਾਬ ਦੀਆਂ ਮੰਗਾਂ ਮਨਵਾ ਸਕਣ। ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਨੇ ਹਲਕੇ ਦੇ ਵਲੰਟੀਅਰਾਂ ਵੱਲੋਂ ਵਿਸ਼ਵਾਸ ਦਿਵਾਉਂਦੇ ਹੋਏ ਵੱਧ ਤੋਂ ਵੱਧ ਵੋਟਾ ਪੁਆ ਕੇ ਡਾ: ਬਲਬੀਰ ਸਿੰਘ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਜਿਸ ਦਾ ਹਾਜ਼ਰ ਵੰਲਟੀਅਰਾਂ ਨੇ ਹੱਥ ਖੜੇ ਕਰਕੇ ਪੂਰੇ ਜੋਸ਼ ਨਾਲ ਉਨ੍ਹਾਂ ਦਾ ਸਮਰਥਨ ਕੀਤਾ।ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸੂਬੇ ਦੀ ਭਗਵੰਤ ਸਰਕਾਰ ਵਲੋਂ ਮਹਿਜ਼ ਦੋ ਸਾਲਾਂ ਵਿੱਚ ਹੀ ਸੂਬੇ ਦੀ ਨੁਹਾਰ ਬਦਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅੱਠ ਸੌ ਉੱਨੀ ਮਹੱਲਾ ਕਲੀਨਿਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਿਹਤ ਸਹੂਲਤਾਂ ਦੇਣ ਦੇ ਨਾਲ ਮੁਫਤ ਦਵਾਈਆਂ ਵੀ ਦੇ ਰਹੇ ਹਨ ਜਦ ਕਿ ਸੂਬੇ ਦੇ ਹਰ ਘਰ ਨੂੰ ਪ੍ਰਤੀ ਮਹੀਨਾ ਤਿੰਨ ਸੌ ਯੂਨਿਟ ਫਰੀ ਬਿਜਲੀ ਦਿੱਤੀ ਜਾ ਰਹੀ ਜਿਸ ਦੇ ਚੱਲਦਿਆਂ ਨੱਬੇ ਫੀਸਦੀ ਘਰਾਂ ਦੇ ਘਰੇਲੂ ਬਿੱਲ ਜ਼ੀਰੋ ਆ ਰਹੇ ਹਨ।