ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ ਦਿਵਿਆਂਗਜਨ ਅਤੇ ਬਜ਼ੁਰਗ ਵੋਟਰਾਂ ਦੀ ਲੋਕ ਸਭਾ ਚੋਣਾਂ-2024 ਵਿੱਚ ਸਰਗਰਮ ਅਤੇ ਉਸਾਰੂ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਅੱਜ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਕੰਚਨ ਦੀ ਅਗਵਾਈ ਵਿੱਚ ਡਿਸਟ੍ਰਿਕਟ ਮੋਨੀਟਰਿੰਗ ਕਮੇਟੀ ਆਨ ਐਕਸੈਸਿਬਲ ਇਲੈਕਸ਼ਨਜ਼ (ਡੀ.ਐਮ.ਸੀ.ਏ.ਈ) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ 85 ਸਾਲ ਤੋਂ ਵਧੇਰੇ ਉਮਰ ਅਤੇ 40 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਨੂੰ ਘਰ ਬੈਠੇ ਪੋਸਟਲ ਬੈਲਟ ਰਾਹੀਂ ਵੀ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਲਈ ਉਨ੍ਹਾਂ ਤੋਂ ਪਹਿਲਾਂ ਫਾਰਮ 20 ਭਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ 11915 ਦਿਵਿਆਂਗਜਨ ਵੋਟਰ ਹਨ, ਜਿਨ੍ਹਾਂ ਨੂੰ ਸ਼ਕਸਮ ਐਪ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਣ।
ਮੈਡਮ ਕੰਚਨ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਪੋਲਿੰਗ ਸਟੇਸ਼ਨਾਂ 'ਤੇ ਪੀ.ਡਬਲਿਊ.ਡੀ. ਵੋਟਰਾਂ ਨੂੰ ਵੀਲ੍ਹ ਚੇਅਰ, ਸਾਰੇ ਪੋਲਿੰਗ ਸਟੇਸ਼ਨਾਂ 'ਤੇ ਰੈਂਪ, ਬਰੇਲ ਬੈਲਟ ਸ਼ੀਟ ਦੀ ਸਹੂਲਤ, ਵੱਖਰੀ ਵੋਟ ਪਾਉਣ ਲਈ ਕਤਾਰ, ਬੂਥ ਵਲੰਟੀਅਰ ਅਤੇ ਪਿਕ ਐਂਡ ਡਰਾਪ ਟਰਾਂਸਪੋਰਟ ਸਹੂਲਤ ਵੀ ਉਪਲਬੱਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੀ.ਡਬਲਿਊ.ਡੀ. ਵੋਟਰਾਂ ਸਬੰਧੀ ਜਾਗਰੂਕ ਕਰਨ ਲਈ ਕਮੇਟੀ ਵੱਲੋਂ ਬੀ.ਐਲ.ਓਜ਼, ਪੋਲਿੰਗ ਅਫ਼ਸਰਾਂ, ਬੂਥ ਵਲੰਟੀਅਰਾਂ, ਰਾਜਨੀਤਿਕ ਪਾਰਟੀਆਂ ਦੇ ਏਜੰਟਾਂ ਅਤੇ ਪੁਲਿਸ ਫੋਰਸ ਨਾਲ ਸਿਖਲਾਈ ਸੈਸ਼ਨ ਵੀ ਕਰਵਾਇਆ ਜਾਵੇਗਾ। ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੰਚਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਡੀ.ਐਮ.ਸੀ.ਏ.ਈ ਕਮੇਟੀ ਵੱਲੋਂ ਇਸ ਸਬੰਧੀ ਹਰ ਪੰਦਰਵਾੜੇ ਮੀਟਿੰਗ ਕੀਤੀ ਜਾਇਆ ਕਰੇਗੀ। ਮੀਟਿੰਗ 'ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ -ਕਮ- ਜ਼ਿਲ੍ਹਾ ਨੋਡਲ ਅਫ਼ਸਰ (ਪੀ.ਡਬਲਿਊ.ਡੀ. ਵੋਟਰ) ਵਰਿੰਦਰ ਸਿੰਘ ਬੈਂਸ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਬਰ ਸਿੰਘ, ਚੋਣ ਤਹਿਸੀਲਦਾਰ ਵਿਜੈ ਕੁਮਾਰ ਚੌਧਰੀ, ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਸਵਿੰਦਰ ਰੇਖੀ, ਡੀ.ਡੀ.ਐਫ ਨਿਧੀ ਮਲਹੋਤਰਾ, ਜ਼ਿਲ੍ਹਾ ਆਈਕਨ ਜਗਦੀਪ ਸਿੰਘ ਤੇ ਜਗਵਿੰਦਰ ਸਿੰਘ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਇਸ ਮੌਕੇ ਮੌਜੂਦ ਸਨ।