ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਬੀਬੀ ਮਹਿੰਦਰ ਕੌਰ ਦੀ 13ਵੀਂ ਸਾਲਾਨਾ-ਬਰਸੀ ਮੌਕੇ ‘ਜੈਤੋ ਦੇ ਮੋਰਚੇ’ ਬਾਰੇ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਰਿਸਰਚ ਸਕਾਲਰ ਡਾ. ਸਿਮਰਨਜੀਤ ਕੌਰ ਨੇ ਦਿੱਤਾ। ਪ੍ਰੋਗਰਾਮ ਦੀ ਅਰੰਭਤਾ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਉਪਰੰਤ ਭਾਈ ਕੰਵਰਪਾਲ ਸਿੰਘ ਦੁਆਰਾ ਰਸ-ਭਿੰਨਾ ਕੀਰਤਨ ਕੀਤਾ ਗਿਆ।
ਡਾ. ਸਿਮਰਨਜੀਤ ਕੌਰ ਨੇ ਯਾਦਗਾਰੀ-ਭਾਸ਼ਣ ਦੌਰਾਨ ‘ਜੈਤੋ ਦਾ ਮੋਰਚਾ’ ਬਾਰੇ ਜਾਣਕਾਰੀ ਦਿੰਦਿਆਂ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਉਤਾਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇਸ ਸੰਬੰਧ ਵਿਚ ਕੀਤੀਆਂ ਗਈਆਂ ਪੰਥਕ ਕਾਰਵਾਈਆਂ, ਸ਼ਹੀਦੀ ਜਥਿਆਂ ਦੇ ਗੰਗਸਰ ਜੈਤੋ ਵਿਖੇ ਜਾਣ, ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਬਹਾਲ ਰੱਖਣ ਲਈ ਅਨੇਕਾਂ ਕੁਰਬਾਨੀਆਂ ਉਪਰੰਤ ਮੋਰਚੇ ਦੀ ਸਫਲਤਾ ਬਾਰੇ ਖੋਜ-ਭਰਪੂਰ ਤੱਥ ਪੇਸ਼ ਕੀਤੇ। ਉਨ੍ਹਾਂ ‘ਜੈਤੋ ਦੇ ਮੋਰਚੇ’ ਦੀਆਂ ਦਰਦਨਾਕ ਘਟਨਾਵਾਂ ਦਾ ਭਾਵ-ਪੂਰਤ ਜ਼ਿਕਰ ਕੀਤਾ। ਡਾ. ਪਰਮਵੀਰ ਸਿੰਘ, ਮੁੱਖ ਸੰਪਾਦਕ ਸਿੱਖ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਹਾਰਾਜਾ ਰਿਪੁਦਮਨ ਸਿੰਘ ਦੀ ਸ਼ਖ਼ਸੀਅਤ, ਆਜ਼ਾਦ ਸੋਚ ਅਤੇ ਸਿੱਖ ਰਾਜੇ ਵਜੋਂ ਕੀਤੇ ਗਏ ਮਹੱਤਵਪੂਰਨ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸਰਕਾਰ ਅੰਗਰੇਜ਼ੀ ਦੁਆਰਾ ਉਹਨਾਂ ਵਿਰੁੱਧ ਕੀਤੀ ਕਾਰਵਾਈ ਦੀਆਂ ਘਟਨਾਵਾਂ ਉਪਰ ਚਾਨਣਾ ਪਾਇਆ ਗਿਆ।
ਇਸ ਮੌਕੇ ਕੇਂਦਰ ਵੱਲੋਂ ਪ੍ਰਕਾਸ਼ਿਤ ‘ਪੰਚਬਟੀ ਸੰਦੇਸ਼’ ਜਰਨਲ ਦਾ ‘ਭਾਈ ਵੀਰ ਸਿੰਘ ਵਿਸ਼ੇਸ਼ ਅੰਕ’ ਰਿਲੀਜ਼ ਕੀਤਾ ਗਿਆ, ਜਿਸ ਵਿਚ ਭਾਈ ਵੀਰ ਸਿੰਘ ਜੀ ਬਾਰੇ ਖੋਜ-ਭਰਪੂਰ ਪੇਪਰ ਸ਼ਾਮਲ ਕੀਤੇ ਗਏ ਹਨ। ਇਸ ਸਮੇਂ ਬੀਬੀ ਮਹਿੰਦਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਡੀ. ਐਸ. ਮਾਨ, ਸ. ਦਰਸ਼ਨ ਸਿੰਘ ਮੈਨੇਜ਼ਰ ਗੁਰਦੁਆਰਾ ਹੇਮਕੁੰਟ ਟਰਸਟ, ਰਿਸ਼ੀਕੇਸ਼, ਡਾ. ਗੋਵਿਲ, ਬ੍ਰਿਗੇਡੀਅਰ ਬਹਿਲ, ਸ. ਬਰਜਿੰਦਰਪਾਲ ਸਿੰਘ, ਅਮਰਜੀਤ ਸਿੰਘ ਭਾਟੀਆ, ਪ੍ਰੋ. ਪਰਸ਼ੋਤਮ ਸਿੰਘ, ਪਰਮਜੀਤ ਕੌਰ ਬੇਦੀ, ਮਨਜੀਤ ਕੌਰ ਤੋਂ ਇਲਾਵਾ ਦੇਹਰਾਦੂਨ ਦੀ ਸੰਗਤ ਨੇ ਹਾਜ਼ਰੀ ਭਰੀ। ਇਸ ਸਮੇਂ ਪ੍ਰੋ. ਪੂਰਨ ਸਿੰਘ ਦੇ ਨਾਂ ’ਤੇ ਉਤਰਾਖੰਡ ਸਰਕਾਰ ਵਲੋਂ ਜਾਰੀ ਕੀਤੇ ਗਏ ‘ਉਤਰਾਖੰਡ ਸਾਹਿਤ ਗੌਰਵ ਅਵਾਰਡ’ ਨਾਲ ਸਨਮਾਨਿਤ ਪੰਜਾਬੀ ਕਵੀ ਗੁਰਦੀਪ ਸਿੰਘ ਅਤੇ ਪ੍ਰੇਮ ਸਾਹਿਲ ਵੀ ਪਹੁੰਚੇ ਸਨ, ਜਿਨ੍ਹਾਂ ਨੂੰ ਕੇਂਦਰ ਵਲੋਂ ਸਿਰੋਪਾ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਡਾ. ਕਸ਼ਮੀਰ ਸਿੰਘ ਦੁਆਰਾ ਬਹੁਤ ਹੀ ਸੁੰਦਰ ਢੰਗ ਨਾਲ ਸੰਚਾਲਿਤ ਕੀਤਾ ਗਿਆ। ਅੰਤ ਵਿਚ ਕੇਂਦਰ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।