ਜ਼ਿਆਦਾਤਰ ਲੋਕ ਵੀਰਵਾਰ ਨੂੰ ਨਹੀਂ ਪੀਂਦੇ ਸ਼ਰਾਬ
ਪੁਲਿਸ ਵੱਲੋਂ ਬਰਾਮਦ ਕੀਤੀ ਖ਼ਾਲੀ ਸ਼ਰਾਬ ਦੀ ਬੋਤਲ
ਸੁਨਾਮ : ਸੁਨਾਮ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਦੀਆਂ ਜਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵੀਰਵਾਰ ਸਵੇਰੇ ਨਜਾਇਜ਼ ਸ਼ਰਾਬ ਦੀ ਖੇਪ ਟਿੱਬੀ ਰਵਿਦਾਸ ਪੁਰਾ ਅਤੇ ਜੋਗੀ ਬਸਤੀ ਕੋਲ ਪਹੁੰਚੀ ਸੀ। ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਵੀਰਵਾਰ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਦੇ ਹਨ, ਅਜਿਹੇ 'ਚ ਵੀਰਵਾਰ ਨੂੰ ਬਹੁਤ ਘੱਟ ਲੋਕਾਂ ਨੇ ਇਸ ਸ਼ੱਕੀ ਨਜਾਇਜ਼ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ। ਇਸ ਗੱਲ ਦੀ ਚਰਚਾ ਜ਼ੋਰਾਂ ਤੇ ਹੈ ਕਿ ਜੇਕਰ ਵੀਰਵਾਰ ਨਾ ਹੁੰਦਾ ਤਾਂ ਇਸ ਇਲਾਕੇ 'ਚ ਵੱਡਾ ਦੁਖਾਂਤ ਵਾਪਰ ਸਕਦਾ ਸੀ। ਜਿੰਨਾ ਲੋਕਾਂ ਨੇ ਵੀਰਵਾਰ ਦੀ ਪ੍ਰਵਾਹ ਨਾ ਕਰਦਿਆਂ ਰਾਤ ਨੂੰ ਸ਼ਰਾਬ ਪੀਤੀ ਉਹ ਕਈ ਲੋਕ ਅਚਾਨਕ ਬਿਮਾਰ ਹੋ ਗਏ ਅਤੇ ਇਸ ਤੋਂ ਬਾਅਦ ਕੁੱਝ ਲੋਕ ਸਾਵਧਾਨ ਹੋ ਗਏ। ਸੂਤਰਾਂ ਦਾ ਕਹਿਣਾ ਹੈ ਕਿ ਇਸ ਨਕਲੀ ਸ਼ਰਾਬ ਦੀ ਕੀਮਤ ਆਮ ਸ਼ਰਾਬ ਨਾਲੋਂ ਲਗਭਗ ਅੱਧੀ ਹੈ ਅਤੇ ਗਰੀਬ ਲੋਕ ਲਾਲਚ ਵਿੱਚ ਇਸ ਦਾ ਸੇਵਨ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਥਾਵਾਂ ਤੇ ਸ਼ਰਾਬ ਦੇ ਪੈਗ ਨੂੰ 10- 10 ਰੁਪਏ ਵਿੱਚ ਦਿੱਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਸੁਨਾਮ ਸ਼ਹਿਰ ਅੰਦਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦੋ ਨੌਜਵਾਨਾਂ ਦੀ ਅਚਾਨਕ ਮੌਤ ਹੋ ਗਈ। ਇਹ ਦੋਵੇਂ ਮਾਮਲੇ ਵੀ ਜ਼ਹਿਰੀਲੀ ਸ਼ਰਾਬ ਨਾਲ ਵੀ ਜੁੜੇ ਦੱਸੇ ਜਾ ਰਹੇ ਹਨ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਦੋਵਾਂ ਨੌਜਵਾਨਾਂ ਦੀ ਅਚਾਨਕ ਮੌਤ ਹੋਈ ਹੈ।