ਸੁਨਾਮ : ਤਨਖਾਹੀਆ ਐਲਾਨੇ ਸੁਖਬੀਰ ਸਿੰਘ ਬਾਦਲ ਆਪਣੇ ਬਾਰੇ ਫੈਸਲਾ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਾਰ ਵਾਰ ਪੱਤਰ ਲਿਖਕੇ ਸਿੰਘ ਸਾਹਿਬਾਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਵਰਤਾਰਾ ਕਿਧਰੇ ਵੀ ਵਾਜਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੂੰ ਸਿੱਖ ਪੰਥ ਪ੍ਰਵਾਨਿਤ ਫੈਸਲਾ ਕਰਨ ਦੇਣਾ ਚਾਹੀਦਾ ਹੈ। ਸੁਨਾਮ ਵਿਖੇ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਨਾਮਦੇਵ ਧਰਮਸ਼ਾਲਾ ਵਿਖੇ ਆਯੋਜਿਤ ਸਮਾਗਮ ਮੌਕੇ ਨਤਮਸਤਕ ਹੋਣ ਪੁੱਜੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਕੇ ਵਰਕਿੰਗ ਕਮੇਟੀ ਤੇ ਨਾਮਨਜ਼ੂਰ ਕਰਨ ਲਈ ਦਬਾਅ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਸੱਚੇ ਮਨੋਂ ਅਸਤੀਫ਼ਾ ਦਿੱਤਾ ਹੈ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਾ ਚਾਹੀਦਾ ਸੀ ਅਤੇ ਫੇਰ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦੇ। ਉਨ੍ਹਾਂ ਪੰਜਾਬ ਅੰਦਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਹਾਕਮ ਧਿਰ ਦੀ ਵੱਡੀ ਜਿੱਤ ਦੇ ਦਾਅਵਿਆਂ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇਕਰ ਸੂਬੇ ਦੇ ਲੋਕਾਂ ਨੇ ਸਰਕਾਰ ਦੇ ਵਿਕਾਸ ਕਾਰਜਾਂ ਤੇ ਮੋਹਰ ਲਾਈ ਹੈ ਤਾਂ ਸੂਬੇ ਅੰਦਰ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 13 ਚੋਂ 10 ਸੀਟਾਂ ਤੇ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ। ਉਨ੍ਹਾਂ ਕਿਹਾ ਕਿ ਤਿੰਨ ਸਾਲ ਦੇ ਰਾਜ ਦੌਰਾਨ ਵਿਕਾਸ ਕਿਧਰੇ ਦਿਖਾਈ ਨਹੀਂ ਦੇ ਰਿਹਾ ਉਨ੍ਹਾਂ ਦਾਅਵੇ ਨਾਲ ਕਿਹਾ ਕਿ ਸੁਨਾਮ ਵਿਖੇ ਬਣ ਰਿਹਾ ਰੇਲਵੇ ਅੰਡਰ ਬਰਿੱਜ ਸੌ ਫ਼ੀਸਦੀ ਕੇਂਦਰ ਸਰਕਾਰ ਦਾ ਪ੍ਰਾਜੈਕਟ ਹੈ। ਸੂਬਾ ਸਰਕਾਰ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੀਆਂ ਅੰਦਰੂਨੀ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਸ ਮੌਕੇ ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਬਲਵਿੰਦਰ ਸਿੰਘ ਪੀਟੀ, ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਪੱਪੀ ਮੱਲ੍ਹੀ, ਡਾਕਟਰ ਜਗਮਹਿੰਦਰ ਸੈਣੀ, ਸਾਬਕਾ ਕੌਂਸਲਰ ਲਛਮਣ ਰੈਗਰ, ਮੈਨੇਜਰ ਸੁਖਜਿੰਦਰ ਸਿੰਘ ਭੱਟੀ, ਮਾਸਟਰ ਰਾਮ ਸਿੰਘ, ਗੁਰਮੀਤ ਸਿੰਘ ਜੱਸਲ, ਤਾਰਾ ਸਿੰਘ, ਮਿੱਤ ਸਿੰਘ ਸ਼ੇਰੋਂ, ਅਤੇ ਹਰਜੋਤ ਸਿੰਘ ਪੀ ਏ ਹਾਜ਼ਰ ਸਨ।