ਖਮਾਣੋਂ (ਫ਼ਤਹਿਗੜ੍ਹ ਸਾਹਿਬ) : ਨਗਰ ਪੰਚਾਇਤ, ਖਮਾਣੋਂ ਅਧੀਨ ਆਉਂਦੇ ਖੇਤਰ ਵਿੱਚ ਸਬਜ਼ੀ ਵੇਚਣ ਵਾਲਿਆਂ ਵੱਲੋਂ ਫੁੱਟਪਾਥ ਉੱਤੇ ਸਮਾਨ ਰੱਖ ਕੇ ਕੀਤੇ ਜਾਂਦੇ ਆਰਜ਼ੀ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਕਿਉਂਕਿ ਇਹਨਾਂ ਆਰਜ਼ੀ ਨਾਜਾਇਜ਼ ਕਬਜ਼ਿਆਂ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਖਮਾਣੋਂ, ਸ. ਸੁਖਦੇਵ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਸਮੇਂ- ਸਮੇਂ 'ਤੇ ਅਜਿਹੇ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਜਾਂਦੀ ਹੈ। ਹੁਣ ਵੀ ਵੱਡੇ ਪੱਧਰ ਉੱਤੇ ਅਜਿਹੀ ਮੁਹਿੰਮ ਚਲਾ ਕੇ ਇਹ ਕਬਜ਼ੇ ਹਟਾਏ ਜਾਣਗੇ।
ਕਾਰਜ ਸਾਧਕ ਅਫਸਰ ਸ. ਸੁਖਦੇਵ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ, ਖਮਾਣੋਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਜੇਕਰ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਫੌਰੀ ਨਗਰ ਪੰਚਾਇਤ ਦੇ ਧਿਆਨ ਵਿੱਚ ਲਿਆਂਦੀ ਜਾਵੇ। ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇਗਾ।