ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਸੁਖਪਾਲ ਸਿੰਘ ਮਾਣਕ, ਰਾਮਸ਼ਰਨ ਸਿੰਘ ਉਗਰਾਹਾਂ ਅਤੇ ਅਜੈਬ ਸਿੰਘ ਜਖੇਪਲ ਨੇ ਸਹਿਕਾਰਤਾ ਵਿਭਾਗ ਦੀ ਬਿਹਤਰੀ ਤੇ ਸਰਕਾਰੀ ਦਾਅਵਿਆਂ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਕਾਗਜਾਂ ਵਿੱਚ ਹੀ ਸਹਿਕਾਰਤਾ ਵਿਭਾਗ ਦੀ ਬਿਹਤਰੀ ਦੇ ਸੋਹਲੇ ਗਾ ਰਹੇ ਹਨ ਜਦਕਿ ਹਕੀਕਤ ਇਸ ਸਾਰੇ ਕੁਝ ਤੋਂ ਬਹੁਤ ਦੂਰ ਹੈ। ਸੋਮਵਾਰ ਨੂੰ ਜਾਰੀ ਬਿਆਨ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਮੰਨਿਆ ਕੀ ਪੰਜਾਬ ਦਾ ਸਹਿਕਾਰਤਾ ਵਿਭਾਗ ਆਰਥਿਕ ਅਤੇ ਵਿਕਾਸ ਦੀ ਰੀੜ ਦੀ ਹੱਡੀ ਹਨ ਲੇਕਿਨ ਅਸਲ ਵਿੱਚ ਸਹਿਕਾਰਤਾ ਵਿਭਾਗ ਦੀ ਰੀੜ ਦੀ ਹੱਡੀ ਦੇ ਮਣਕੇ ਟੁੱਟ ਚੁੱਕੇ ਹਨ, ਪੰਜਾਬ ਦਾ ਸਹਿਕਾਰਤਾ ਵਿਭਾਗ ਆਪਣੇ ਅੰਤ ਦਾ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਰਾਹੀਂ ਕਿਸਾਨ ਅਤੇ ਮਜ਼ਦੂਰ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਪੇਂਡੂ ਸੁਸਾਇਟੀਆਂ ਬਰਬਾਦੀ ਦੇ ਕੰਢੇ ਖੜੀਆਂ ਹਨ ਅਤੇ ਬਹੁਤ ਸਾਰੀਆਂ ਸੁਸਾਇਟੀਆਂ ਘਪਲੇਬਾਜ਼ੀ ਕਰਕੇ ਬੰਦ ਹੋ ਗਈਆਂ ਹਨ। ਅਮੂਲ ਡਾਇਰੀ ਲਗਾਤਾਰ ਵੇਰਕਾ ਡੇਅਰੀ ਨੂੰ ਨਿਗਲ ਰਹੀ ਹੈ, ਵੇਰਕਾ ਡੇਅਰੀਆਂ ਚ ਦੁੱਧ ਦੇ ਰੇਟ ਪਾਣੀ ਦੀ ਕੀਮਤ ਤੋਂ ਥੱਲੇ ਡਿੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖਜ਼ਾਨਾ ਮੰਤਰੀ ਨੇ ਕਿਹਾ ਕਿ ਅਸੀਂ ਗੰਨੇ ਹੇਠ ਰਕਬਾ ਵਧਾਇਆ ਹੈ ਪਰ ਗੰਨਾ ਕਾਸ਼ਤਕਾਰ ਅੱਜ ਵੀ ਆਪਣੇ ਗੰਨੇ ਦੇ ਪੈਸਿਆਂ ਨੂੰ ਤਰਸ ਰਹੇ ਹਨ। ਗੰਨੇ ਦੇ ਰੇਟ ਲਾਗਤ ਖਰਚੇ ਦੇ ਮੁਕਾਬਲੇ ਬਹੁਤ ਨਿਗੂਣੇ ਵਧੇ ਹਨ। ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਨੂੰ ਸਸਤੇ ਕਰਜ਼ੇ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਹਕੀਕਤ ਕੁੱਝ ਹੋਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੀ ਸਰਕਾਰ ਫੋਕੀ ਸ਼ੋਹਰਤ ਵਾਲ਼ੀ ਬਿਆਨਬਾਜ਼ੀ ਬੰਦ ਕਰਕੇ ਕਿਸਾਨਾਂ ਦੇ ਹਿੱਤਾਂ ਲਈ ਸੁਹਿਰਦ ਯਤਨ ਕਰਨ ਨੂੰ ਯਕੀਨੀ ਬਣਾਵੇ।