ਗੁਜਰਾਤ : ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ਦੌਰਾਨ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। IPL ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਘੱਟੋ ਘੱਟ ਓਵਰ ਰੇਟ ਨਾਲ ਸਬੰਧਤ IPL ਕੋਡ ਆਫ ਕੰਡਕਟ ਦੇ ਤਹਿਤ ਸੀਜ਼ਨ ਦਾ ਇਹ ਉਸਦੀ ਟੀਮ ਦਾ ਪਹਿਲਾ ਅਪਰਾਧ ਸੀ। ਇਸ ਲਈ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਗਿੱਲ ਦੀ ਅਗਵਾਈ ਵਾਲੀ ਟੀਮ ਨੂੰ ਮੰਗਲਵਾਰ ਨੂੰ IPL 2024 ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਮੈਚ ਦੀ ਗੱਲ ਕਰੀਏ ਤਾਂ IPL 2024 ਦੇ ਸੱਤਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 63 ਦੌੜਾਂ ਨਾਲ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਗਾਇਕਵਾੜ ਦੀ ਅਗਵਾਈ ਵਾਲੀ ਚੇਨਈ ਦੀ ਟੀਮ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ।
63 ਦੌੜਾਂ ਦੀ ਹਾਰ ਗੁਜਰਾਤ ਦੀ IPL ਵਿੱਚ ਦੌੜਾਂ ਦੇ ਫਰਕ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ 10 ਮਹੀਨੇ ਪਹਿਲਾਂ ਉਨ੍ਹਾਂ ਨੂੰ ਵਾਨਖੇੜੇ ‘ਚ ਮੁੰਬਈ ਇੰਡੀਅਨਜ਼ ਨੇ 27 ਦੌੜਾਂ ਨਾਲ ਹਰਾਇਆ ਸੀ। ਚੇਨਈ ਨੇ ਮੁੰਬਈ ਦਾ ਰਿਕਾਰਡ ਤੋੜ ਦਿੱਤਾ ਹੈ