ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ 'ਪੰਜਾਬ ਵਿੱਚ ਸਮਾਨਾਂਤਰ ਸਿਨੇਮਾ: ਭੂਮਿਕਾ ਅਤੇ ਭਵਿੱਖ' ਵਿਸ਼ੇ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਚਰਚਾ ਦੌਰਾਨ ਵਿਦਿਆਰਥੀਆਂ ਲਈ ਪੰਜਾਬੀ ਫ਼ਿਲਮ 'ਚੰਮ' ਦੀ ਪੇਸ਼ਕਾਰੀ ਵੀ ਕਰਵਾਈ ਗਈ। ਪੇਸ਼ਕਾਰੀ ਤੋਂ ਬਾਅਦ ਇਸ ਫ਼ਿਲਮ ਦੇ ਡਾਇਰੈਕਟਰ ਰਾਜੀਵ ਕੁਮਾਰ ਅਤੇ ਅਦਾਕਾਰ ਸੁਰਿੰਦਰ ਸ਼ਰਮਾ ਨਾਲ਼ ਰੂ-ਬ-ਰੂ ਕਰਵਾਇਆ ਗਿਆ।
ਵਿਭਾਗ ਮੁਖੀ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਚੰਗੇ ਅਤੇ ਉਸਾਰੂ ਸਿਨੇਮਾ ਨਾਲ਼ ਜੋੜਨ ਦੇ ਮਕਸਦ ਨਾਲ਼ ਵਿਭਾਗ ਵਿਖੇ ਲਗਾਤਾਰ ਵੱਖ-ਵੱਖ ਫ਼ਿਲਮਾਂ ਦੀ ਪੇਸ਼ਕਾਰੀ ਕਰਵਾਈ ਜਾ ਰਹੀ ਹੈ।
ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਦੌਰਾਨ ਵੱਖ-ਵੱਖ ਫ਼ਿਲਮ ਡਾਇਰੈਕਟਰਾਂ, ਅਦਾਕਾਰਾਂ ਅਤੇ ਫ਼ਿਲਮ ਜਗਤ ਦੀਆਂ ਹੋਰ ਹਸਤੀਆਂ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਵੀ ਇਸੇ ਲੜੀ ਦਾ ਹਿੱਸਾ ਸੀ।
ਨਿਰਦੇਸ਼ਕ ਰਾਜੀਵ ਕੁਮਾਰ ਨੇ ਪੰਜਾਬ ਵਿੱਚ ਸਮਾਨਾਂਤਰ ਸਿਨੇਮਾ ਬਾਰੇ ਗੱਲਬਾਤ ਕਰਦਿਆਂ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਦੇ ਪ੍ਰਸੰਗ ਵਿੱਚ ਸਮਾਨਾਂਤਰ ਸਿਨੇਮਾ ਦੀ ਮੌਜੂਦਾ ਸਥਿਤੀ ਅਤੇ ਸੰਭਾਵਨਾਵਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਇਸ ਖੇਤਰ ਦੀਆਂ ਵਿਹਾਰਕ ਸਮੱਸਿਆਵਾਂ ਦੇ ਪੱਖ ਨੂੰ ਵੀ ਛੋਹਿਆ।
ਅਦਾਕਾਰ ਸੁਰਿੰਦਰ ਸ਼ਰਮਾ ਨੇ ਉਸਾਰੂ ਸਿਨੇਮਾ ਨੂੰ ਲੋਕਾਂ ਤੱਕ ਲਿਜਾਣ ਵਿੱਚ ਆਉਣ ਵਾਲ਼ੀਆਂ ਚੁਣੌਤੀਆਂ ਬਾਰੇ ਗੱਲ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਵਿਚਾਰ-ਚਰਚਾ ਵਿੱਚ ਉਤਸ਼ਾਹ ਵਿਖਾਉਂਦੇ ਹੋਏ ਸੰਵਾਦ ਨੂੰ ਦੋ-ਤਰਫ਼ਾ ਬਣਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ।