ਤਿੰਨ ਦਿਨਾਂ ਵਰਕਸ਼ਾਪ ਵਿੱਚ ਦੇਸ਼ ਦੇ ਉੱਘੇ ਵਿਗਿਆਨੀਆਂ ਵੱਲੋਂ ਲੈਕਚਰ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਭਰ ਦੇ ਉਘੇ ਵਿਗਿਆਨੀਆਂ ਨਾਲ ਜੋੜਨ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ। ਅੱਜ ਪੰਜਾਬੀ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ‘21 ਸੈਂਚੁਰੀ: ਐਨ ਐਰਾ ਆਫ਼ ਮਲਟੀਡਿਪਿਲਨਰੀ ਰਿਸਰਚ’ ਵਿਸ਼ੇ ਉੱਤੇ ਤਿੰਨ ਦਿਨਾਂ ਭਾਸ਼ਣ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਦਾ ਉੱਘੇ ਵਿਗਿਆਨੀਆਂ ਨਾਲ ਸੰਪਰਕ ਪੈਦਾ ਕਰਨਾ ਸਮੇਂ ਦੀ ਲੋੜ ਹੈ ਜਿਸ ਕਰਕੇ ਇਸ ਕਾਰਜ ਵਿੱਚ ਹੋਰ ਵੀ ਤੇਜੀ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਇਹ ਭਾਸ਼ਣ ਲੜੀ ਆਰੰਭੀ ਗਈ ਹੈ ਤਾਂ ਜੋ ਵਿਦਿਆਰਥੀ ਇਨ੍ਹਾਂ ਵਿਗਿਆਨੀਆਂ ਤੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸੇਧ ਲੈ ਸਕਣ ਦੇ ਨਾਲ-ਨਾਲ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰ ਸਕਣ। ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਗਿਆਨੀਆਂ ਨਾਲ ਮਿਲ ਕੇ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਵਧੀਆ ਕੰਮ ਕਰਨ ਵਾਸਤੇ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਮਲਟੀਡਿਪਿਲਨਰੀ ਰਿਸਰਚ ਦਾ ਹੈ ਜਿਸ ਦੇ ਨਾਲ ਵਧੀਆ ਨਤੀਜੇ ਕੱਢੇ ਜਾ ਸਕਦੇ ਹਨ। ਇਸ ਕਰਕੇ ਯੂਨੀਵਰਸਿਟੀ ਵੱਲੋਂ ਇਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਇਹ ਤਿੰਨ ਦਿਨਾਂ ਵਰਕਸ਼ਾਪ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼, ਅਲਾਹਬਾਦ, ਇੰਡੀਅਨ ਅਕੈਡਮੀ ਆਫ਼ ਸਾਇੰਸਜ਼, ਬੰਗਲੌਰ ਅਤੇ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਗਈ। ਤਿੰਨ ਦਿਨ ਚੱਲੀ ਇਸ ਲੈਕਚਰ ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਵਿੱਚ ਦੇਸ ਭਰ ਤੋਂ ਪਹੁੰਚੇ ਵਿਗਿਆਨੀਆਂ ਨੇ ਆਪਣੇ ਭਾਸ਼ਣ ਦਿੱਤੇ। ਇਨ੍ਹਾਂ ਵਿਗਿਆਨੀਆਂ ਵਿੱਚ ਪਹਿਲੇ ਦਿਨ ਸੀ. ਐੱਸ. ਆਈ. ਆਰ. ਨਵੀਂ ਦਿੱਲੀ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਗਿਰੀਸ਼ ਸਾਹਨੀ, ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਬਰਿਹਾਮਪੁਰ (ਉੜੀਸਾ) ਤੋਂ ਪੁੱਜੇ ਪ੍ਰੋ. ਏ. ਕੇ. ਗਾਂਗੁਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਡੀਨ ਪ੍ਰੋ. ਕੇ. ਕੇ. ਭਸੀਨ ਸ਼ਾਮਿਲ ਰਹੇ। ਦੂਜੇ ਦਿਨ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਤੋਂ ਪ੍ਰੋ. ਐੱਨ. ਜੀ. ਪ੍ਰਸਾਦ ਅਤੇ ਪ੍ਰੋ. ਪੀ. ਗੁਪਤਸਰਮਾ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ।
ਤੀਜੇ ਦਿਨ ਐੱਨ. ਪੀ. ਐੱਲ ਨਵੀਂ ਦਿੱਲੀ ਤੋਂ ਪ੍ਰੋ. ਵੇਨੂ ਗੋਪਾਲ ਅਚਾਂਤਾ ਅਤੇ ਜੇ. ਆਈ. ਆਈ. ਟੀ. ਨੋਇਡਾ ਤੋਂ ਪ੍ਰੋ. ਬੀ. ਆਰ. ਮਹਿਤਾ ਨੇ ਆਪਣੇ ਵਿਚਾਰ ਪ੍ਰਗਟਾਏ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਅਨੂਪ ਠਾਕਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ 150 ਰਜਿਸਟਰਡ ਪ੍ਰਤੀਭਾਗੀ ਨੇ ਹਿੱਸਾ ਲਿਆ। ਇਸ ਦੌਰਾਨ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਸੰਜੀਵ ਪੁਰੀ, ਪ੍ਰੋ. ਕਰਮਜੀਤ ਸਿੰਘ ਧਾਲੀਵਾਲ ਆਦਿ ਨੇ ਅਹਿਮ ਭੂਮਿਕਾ ਨਿਭਾਈ।