ਨਵੀਂ ਦਿੱਲੀ : ਇਸ ਚੇਤ ਦੇ ਨਰਾਤੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੋਮਵਤੀ ਮੱਸਿਆ ’ਤੇ ਪੂਰਨ ਸੂਰਜ ਗ੍ਰਹਿਣ ਲੱਗੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਸਮੇਂ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਮਾਨਸਿਕ ਪੂਜਾ ਕਰਨੀ ਚਾਹੀਦੀ ਹੈ। ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਗ੍ਰਹਿਣ ਦਾ ਭਾਰਤ ’ਤੇ ਕੋਈ ਅਸਰ ਨਹੀਂ ਹੋਣ ਵਾਲਾ। ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਅਜਿਹੀ ਸਥਿਤੀ ਵਿੱਚ ਭਾਰਤ ’ਚ ਇਸ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ। ਭਾਵ ਇਸ ਗ੍ਰਹਿਣ ਦਾ ਦੇਸ਼ ਅਤੇ ਦੁਨੀਆ ’ਤੇ ਕਿਸੇ ਤਰ੍ਹਾਂ ਦਾ ਧਾਰਮਕ ਤੇ ਅਧਿਆਤਮਕ ਪ੍ਰਭਾਵ ਨਹੀਂ ਪੈਣ ਵਾਲਾ ਹੈ। ਜੋਤਿਸ਼ ਸ਼ਾਸਤਰਾਂ ਅਨੁਸਾਰ 8 ਅਪ੍ਰੈਲ ਵਾਲਾ ਦਿਨ ਭਾਰਤ ’ਚ ਆਮ ਵਰਗਾ ਰਹੇਗਾ ਕਿਉਂਕਿ ਆਖਿਆ ਜਾਂਦਾ ਹੈ ਕਿ ਗ੍ਰਹਿਣ ਦਾ ਪ੍ਰਭਾਵ ਉਸ ਜਗ੍ਹਾ ’ਤੇ ਪੈਂਦਾ ਹੈ ਜਿਥੇ ਇਹ ਵਿਖਾਈ ਦਿੰਦਾ ਹੈ। ਦੱਸਣਯੋਗ ਹੈ ਕਿ 8 ਅਪ੍ਰੈਲ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਰਾਤ 9.12 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 2.22 ਵਜੇ ਸਮਾਪਤ ਹੋਵੇਗਾ। ਇਸ ਸੂਰਜ ਗ੍ਰਹਿਣ ਦਾ ਕੇਂਦਰੀ ਸਮਾਂ ਰਾਤ 11.47 ਵਜੇ ਹੋਵੇਗਾ। ਜੋਤਿਸ਼ ਸ਼ਾਸਤਰਾਂ ਦੀ ਮੰਨੀਏ ਤਾਂ ਇਸ ਨੂੰ ਪੂਰਨ ਸੂਰਜ ਗ੍ਰਹਿਣ ਆਖਿਆ ਜਾ ਰਿਹਾ ਹੈ। ਹੋਰ ਵੀ ਜ਼ਿਕਰਯੋਗ ਗੱਲ ਇਹ ਹੈ ਕਿ ਸੂਰਜ ਗ੍ਰਹਿਣ ਦੀ ਮਿਆਦ 5 ਘੰਟੇ 10 ਮਿੰਟ ਦੇ ਕਰੀਬ ਹੋਵੇਗੀ।