ਡੇਰਾਬੱਸੀ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡੇਰਾਬੱਸੀ ਦੇ ਬੇਹੜਾ ਰੋਡ ਸਥਿਤ ਇੱਕ ਕੈਮੀਕਲ ਫੈਕਟਰੀ ਚ ਦੇਰ ਸ਼ਾਮ (7:55 ਵਜੇ) ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਆਸ-ਪਾਸ ਦੇ ਲੋਕਾਂ ਨੂੰ ਖਤਰੇ ਭਿਆਨਕ ਅੱਗ ਦੇ ਖ਼ਤਰੇ ਤੋਂ ਸੁਰੱਖਿਅਤ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਤਕਰੀਬਨ 3:00 ਵਜੇ ਡੇਰਾਬੱਸੀ ਦੇ ਬੇਹੜਾ ਸਥਿਤ ਮੈਗੋ ਕੈਮੀਕਲ ਐਂਡ ਫਾਰਮਾਸਿਊਟੀਕਲ ਵਿਖੇ ਅੱਗ ਲੱਗਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਤੁਰੰਤ ਕਾਰਵਾਈ ਕੀਤੀ ਗਈ, ਅਤੇ ਸਥਾਨਕ ਫਾਇਰ ਵਿਭਾਗ, ਐਮਰਜੈਂਸੀ ਰਿਸਪਾਂਸ ਟੀਮਾਂ ਦੇ ਨਾਲ, ਸਥਿਤੀ ਨੂੰ ਕਾਬੂ ਕਰਨ ਅਤੇ ਪ੍ਰਬੰਧਨ ਲਈ ਘਟਨਾ ਸਥਾਨ 'ਤੇ ਰਵਾਨਾ ਕੀਤਾ ਗਿਆ। ਡੇਰਾਬੱਸੀ, ਜ਼ੀਰਕਪੁਰ, ਚੰਡੀਗੜ੍ਹ, ਮੋਹਾਲੀ ਅਤੇ ਅਸਲਾ ਡਿਪੂ ਤੋਂ 15 ਫਾਇਰ ਟੈਂਡਰਾਂ ਸਮੇਤ 100 ਤੋਂ ਵੱਧ ਫਾਇਰਮੈਨ ਭੇਜੇ ਗਏ, ਜਿਨ੍ਹਾਂ ਨੇ ਦੇਰ ਸ਼ਾਮ ਤੱਕ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਏ.ਡੀ.ਸੀ., ਐਸ.ਏ.ਐਸ. ਨਗਰ, ਵਿਰਾਜ ਐਸ. ਤਿੜਕੇ, (ਆਈ.ਏ.ਐਸ.), ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ (ਪੀ.ਸੀ.ਐਸ.), ਤਹਿਸੀਲਦਾਰ ਬੀਰਕਰਨ ਸਿੰਘ ਅਤੇ ਐਸ.ਐਚ.ਓ ਅਜੀਤੇਸ਼ ਕੌਸ਼ਲ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਤੱਕ ਏ ਡੀ ਸੀ ਅਤੇ ਐਸ ਡੀ ਐਮ ਦੁਆਰਾ ਸਾਰੀ ਬਚਾਅ ਕਾਰਵਾਈ ਦੀ ਨਿਗਰਾਨੀ ਕੀਤੀ ਗਈ ਸੀ।
ਏ ਡੀ ਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਫਾਇਰ ਅਫਸਰ ਡੇਰਾਬੱਸੀ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਨੂੰ ਅੱਗੇ ਵਧਣ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ ਅਤੇ ਬਾਕੀ ਰਹਿੰਦੇ ਹੌਟਸਪੌਟਸ ਨੂੰ ਬੁਝਾਉਣ ਲਈ ਯਤਨ ਜਾਰੀ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਘਟਨਾ ਦੇ ਨਤੀਜੇ ਵਜੋਂ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਫੌਰੀ ਖਤਰਾ ਨਹੀਂ ਹੈ। ਇਸ ਦੇ ਨਾਲ ਹੋਰ ਕਿਸੇ ਵੀ ਨੁਕਸਾਨ ਦੀ ਜਾਂਚ ਕਰਨ ਲਈ ਭਲਕੇ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੈਗੋ ਕੈਮੀਕਲ ਅਤੇ ਫਾਰਮਾਸਿਊਟੀਕਲ ਦੇ ਪ੍ਰਬੰਧਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੱਗ ਲੱਗਣ ਤੋਂ ਬਾਅਦ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਸਾਰੇ ਲੋੜੀਂਦੇ ਉਪਾਅ ਕੀਤੇ ਜਾਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਨ ਲਈ ਸਬੰਧਤ ਰੈਗੂਲੇਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਵੀ ਕੰਮ ਕੀਤਾ ਜਾਵੇਗਾ।