ਪਟਿਆਲਾ : ‘ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ਼-ਨਾਲ਼ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਵੀ ਖੇਡਾਂ ਦਾ ਵਿਸ਼ੇਸ਼ ਮਹੱਤਵ ਹੈ।’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਵਿਖੇ ਪੰਜ ਸਾਲਾ ਏਕੀਕ੍ਰਿਤ ਕੋਰਸ (ਮੈਥੇਮੈਟਿਕਸ ਐਂਡ ਕੰਪਿਊਟਿੰਗ ਸਾਇੰਸਜ਼) ਦੇ ਵਿਦਿਆਰਥੀਆਂ ਲਈ ਕਰਵਾਈ ਗਈ ‘ਅਥਲੈਟਿਕਸ ਮੀਟ’ ਵਿਖੇ ਉਚੇਚੇ ਤੌਰ ਉੱਤੇ ਪੁੱਜੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰਗਟਾਏ ਗਏ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਚਲਾਏ ਜਾਂਦੇ ਪੰਜ ਸਾਲਾ ਏਕੀਕ੍ਰਿਤ ਕੋਰਸ ਵੀ ਸ਼ਖ਼ਸੀਅਤ ਨਿਰਮਾਣ ਦੇ ਲਿਹਾਜ਼ ਨਾਲ਼ ਵਿਸ਼ੇਸ਼ ਮਹੱਤਵ ਰਖਦੇ ਹਨ ਕਿਉਂਕਿ ਇਨ੍ਹਾਂ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਬਿਨਾ ਕਿਸੇ ਅੜਚਣ ਤੋਂ ਆਪਣੀ ਪਸੰਦ ਦੇ ਵਿਸਿ਼ਆਂ ਦੀ ਚੋਣ ਕਰਨ ਦੀ ਵਿਸ਼ੇਸ਼ ਸਹੂਲਤ ਹਾਸਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਦੀ ਫਿ਼ਤਰਤ ਦੇ ਹਿਸਾਬ ਨਾਲ਼ ਅਜਿਹੇ ਵਿਦਿਆਰਥੀਆਂ ਲਈ ‘ਅਥਲੈਟਿਕਸ ਮੀਟ’ ਜਿਹੀਆਂ ਗਤੀਵਿਧੀਆਂ ਦੀ ਅਹਿਮੀਅਤ ਹੋਰ ਵੀ ਵਧੇਰੇ ਹੋ ਜਾਂਦੀ ਹੈ।
ਪੰਜ ਸਾਲਾ ਏਕੀਕ੍ਰਿਤ ਕੋਰਸ (ਮੈਥੇਮੈਟਿਕਸ ਐਂਡ ਕੰਪਿਊਟਿੰਗ ਸਾਇੰਸਜ਼) ਦੇ ਕੋਆਰਡੀਨੇਟਰ ਡਾ. ਸ਼ਾਲਿਨੀ ਨੇ ਦੱਸਿਆ ਕਿ ਅਥਲੈਟਿਕਸ ਮੀਟ ਦੌਰਾਨ ਤਕਰੀਬਨ 250 ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਵੰਨਗੀਆਂ ਵਿੱਚ ਸਿ਼ਰਕਤ ਕੀਤੀ। ਅਥਲੈਟਿਕਸ ਮੀਟ ਦੌਰਾਨ ਕਰਵਾਏ ਗਏ ਵੱਖ-ਵੱਖ ਈਵੈਂਟਸ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, ਰਿਲੇਅ ਦੌੜ, ਰੱਸਾ-ਕਸ਼ੀ, ਸ਼ਾਟਪੁਟ, ਲੰਬੀ ਛਾਲ਼, ਤਿੰਨ ਟੰਗੀ ਦੌੜ, ਨਿੰਬੂ-ਚਮਚਾ ਦੌੜ, ਬੀਨ ਬੈਗ ਅਤੇ ਕੁੱਝ ਫ਼ਨ-ਗੇਮਜ਼ ਸ਼ਾਮਿਲ ਸਨ।
ਅਥਲੈਟਿਕਸ ਮੀਟ ਦੇ ਆਰਗੇਨਾਈਜਿ਼ੰਗ ਸਕੱਤਰ ਡਾ. ਰੁਪਾਲੀ ਅਤੇ ਖੇਡ ਵਿਭਾਗ ਤੋਂ ਸ੍ਰੀਮਤੀ ਦੇਵਕੀ ਦੀ ਦੇਖ-ਰੇਖ ਵਿੱਚ ਇਹ ਅਥਲੈਟਿਕਸ ਮੀਟ ਸਫਲਤਾ ਨਾਲ ਨੇਪਰੇ ਚੜ੍ਹੀ।