ਪਟਿਆਲਾ : ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਸ਼ੂ ਭਲਾਈ ਦੇ ਕੰਮ ਨੂੰ ਮੁੱਖ ਰੱਖਦੇ ਹੋਏ ਵੱਡਾ ਕਦਮ ਚੁੱਕਦਿਆਂ ਪੰਜਾਬ ਵਿੱਚ ਪਾਲਤੂ ਜਾਨਵਰਾਂ ਅਤੇ ਪੈਟ ਸ਼ਾਪਸ ਰਾਹੀਂ ਕੁੱਤਿਆਂ ਦੀ ਬ੍ਰੀਡਿੰਗ ਅਤੇ ਮਾਰਕੀਟਿੰਗ ਨੂੰ ਨਿਯੰਤਰਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਮੁੱਖ ਸਕੱਤਰ, ਸ੍ਰੀ ਰਾਹੁਲ ਭੰਡਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਵੱਲੋਂ ਪੰਜਾਬ ਦੇ ਡਾਗ ਬ੍ਰੀਡਿੰਗ ਅਤੇ ਪੈਟ ਸ਼ਾਪਸ ਦੇ ਕਾਰੋਬਾਰ ਵਿੱਚ ਲੱਗੇ ਹੋਏ ਕਾਰੋਬਾਰੀਆਂ ਨੂੰ ਡੋਗ ਬਰੀਡਿੰਗ ਰੂਲਜ਼ 2017 ਅਤੇ ਪੈਟ ਸ਼ਾਪਸ ਰੂਲਜ਼ 2018 ਦੀ ਪਾਲਣਾ ਕਰਵਾਉਣ ਲਈ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਰਜਿਸਟ੍ਰੇਸ਼ਨ ਕਰਾਉਣ ਬਾਰੇ ਅਪੀਲ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਟਿਆਲਾ, ਡਾਕਟਰ ਗੁਰਦਰਸ਼ਨ ਸਿੰਘ ਨੇ ਕੀਤਾ ਅਤੇ ਉਨ੍ਹਾਂ ਵੱਲੋਂ ਸਮੂਹ ਜ਼ਿਲ੍ਹਾ ਪਟਿਆਲਾ ਦੇ ਪੈੱਟ ਸ਼ਾਪਸ ਅਤੇ ਡਾਗ ਬਰੀਡਰਜ਼ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇੰਨਾ ਦੀ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਇਹ ਰਜਿਸਟ੍ਰੇਸ਼ਨ ਪਸ਼ੂ ਭਲਾਈ ਬੋਰਡ ਪੰਜਾਬ ਦੇ ਵੱਲੋਂ ਵੱਖ-ਵੱਖ ਹਦਾਇਤਾਂ ਅਤੇ ਨਿਯਮਾਂ ਅਧੀਨ ਹੋਵੇਗੀ।
ਇਨ੍ਹਾਂ ਪੈੱਟ ਸ਼ਾਪਸ ਅਤੇ ਡਾਗ ਬਰੀਡਰਜ਼ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਜਿਸ ਦੇ ਨੁਮਾਇੰਦੇ ਪਸ਼ੂ ਪਾਲਣ ਵਿਭਾਗ, ਵਣ ਅਤੇ ਜੰਗਲਾਤ ਵਿਭਾਗ, ਸਥਾਨਿਕ ਸਰਕਾਰ ਵਿਭਾਗ, ਪੁਲਿਸ ਵਿਭਾਗ ਅਤੇ ਐਸ.ਪੀ.ਸੀ.ਏ ਹੋਣਗੇ । ਇਸ ਕਮੇਟੀ ਦੇ ਸਹਿਯੋਗ ਨਾਲ ਹੀ ਸਾਰਾ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ । ਪਸ਼ੂ ਭਲਾਈ ਬੋਰਡ ਪੰਜਾਬ ਦੀਆ ਹਿਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਅਤੇ ਬਿਨਾਂ ਰਜਿਸਟ੍ਰੇਸ਼ਨ ਦੇ ਕੋਈ ਵੀ ਵਿਅਕਤੀ ਬਰੀਡਿੰਗ ਅਤੇ ਪੈਟ ਸ਼ਾਪਸ ਦਾ ਕੰਮ ਜਿਸ ਰਾਹੀਂ ਪੈਟਸ ਦੀ ਵੇਚ ਖ਼ਰੀਦ ਕੀਤੀ ਜਾਂਦੀ ਹੈ ਅਜਿਹਾ ਕਾਰੋਬਾਰ ਨਹੀਂ ਕਰ ਸਕੇਗਾ । ਇਸ ਲਈ ਜ਼ਿਲ੍ਹਾ ਪਟਿਆਲਾ ਦੇ ਸਾਰੇ ਪੈੱਟ ਸ਼ਾਪਸ ਅਤੇ ਡਾਗ ਬਰੀਡਰਜ਼ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਪਸ਼ੂ ਭਲਾਈ ਬੋਰਡ ਨਾਲ ਰਜਿਸਟ੍ਰੇਸ਼ਨ ਕਰਵਾਉਣ ਲਈ ਤੁਰੰਤ ਆਪਣੇ ਨਜ਼ਦੀਕੀ ਸਿਵਲ ਵੈਟਰਨਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ।