ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਲੇਰਕੋਟਲਾ ਵਿਖੇ ਸਾਇਲੋ ਗਦਾਮਾ ਅੱਗੇ ਜਿ਼ਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਅਤੇ ਬਲਾਕ ਪ੍ਰਧਾਨ ਸ਼ੇਰਪੁਰ ਮਲਕੀਤ ਸਿੰਘ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਪੰਜਾਬ ਸਰਕਾਰ ਸਾਈਲੋ ਗੁਦਾਮਾਂ ਨੂੰ ਜਬਤ ਕਰਕੇ ਸਰਕਾਰੀ ਕੰਟਰੋਲ ਵਿੱਚ ਲੈਣ ਤੇ ਇਸ ਨੂੰ ਸਰਕਾਰੀ ਅਨਾਜ ਭੰਡਾਰਨ ਲਈ ਵਰਤਣ ਦੀ ਮੰਗ ਲਈ ਸਾਇਲੋ ਗੁਦਾਮਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਅੰਦਰ 9 ਸਾਇਲੋ ਗੁਦਾਮਾਂ ਨੂੰ ਕਣਕ ਖਰੀਦਣ ਵੇਚਣ ਭੰਡਾਰਨ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇਣ ਦੇ ਫੈਸਲੇ ਤੋਂ ਭਾਵੇਂ ਕਿਸਾਨ ਰੋਹ ਨੂੰ ਦੇਖਦਿਆਂ ਇੱਕ ਵਾਰ ਪੰਜਾਬ ਸਰਕਾਰ ਪਿੱਛੇ ਹਟ ਗਈ ਹੈ। ਪਰ ਇਸ ਫੈਸਲੇ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਕਿਸਾਨ ਤੇ ਲੋਕ ਵਿਰੋਧੀ ਨੀਤੀ ਮੁੜ ਤੋਂ ਜੱਗ ਜਹਿਰ ਕਰ ਦਿੱਤੀ ਹੈ। ਸਭਨਾਂ ਸਰਕਾਰਾਂ ਵੱਲੋਂ ਸੰਸਾਰ ਵਪਾਰ ਸੰਸਥਾ ਦੀਆਂ ਹਦਾਇਤਾਂ ਤੇ ਫਸਲਾਂ ਦੇ ਮੰਡੀਕਰਨ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ ਅਤੇ ਮੰਡੀਆਂ ਦੇ ਖੇਤਰ ਵਿੱਚ ਵੱਖ-ਵੱਖ ਢੰਗਾਂ ਰਾਹੀਂ ਕਾਰਪੋਰੇਟ ਵਪਾਰੀਆਂ ਦਾ ਪੈਰ ਧਰਾਅ ਬਣਾਇਆ ਜਾ ਰਿਹਾ ਹੈ। ਪੰਜਾਬ ਅੰਦਰ ਮੌਜੂਦਾ ਸਾਇਲੋ ਗੁਦਾਮਾਂ ਤੋਂ ਇਲਾਵਾ ਦੇਸ਼ੀ ਵਿਦੇਸ਼ੀ ਕੰਪਨੀਆਂ ਵੱਲੋਂ ਹੋਰ ਦਰਜਨਾਂ ਨਵੇਂ ਸਾਇਲੋ ਗੁਦਾਮ ਖੋਲ੍ਹਣ ਦੀ ਵਿਉਂਤ ਹੈ। ਇੱਕ ਪਾਸੇ ਕਿਸਾਨ ਐਮਐਸਪੀ ਦੀ ਕਾਨੂੰਨੀ ਗਰੰਟੀ ਫਸਲਾਂ ਦੀ ਸਰਕਾਰੀ ਖਰੀਦ ਤੇ ਹਰ ਇੱਕ ਲਈ ਜਨਤਕ ਵੰਡ ਪ੍ਰਣਾਲੀ ਦਾ ਹੱਕ ਮੰਗ ਰਹੇ ਹਨ। ਜਦਕਿ ਸਰਕਾਰ ਫਸਲਾਂ ਦੇ ਵਪਾਰ ਵਿੱਚ ਕਾਰਪੋਰੇਟ ਵਪਾਰੀਆਂ ਨੂੰ ਖੁੱਲਾ ਦੇ ਰਹੀ ਹੈ ਤੇ ਇਸ ਖਾਤਰ ਏਪੀਐਮਸੀ ਐਕਟ (ਮੰਡੀਆਂ ਦਾ ਕਾਨੂੰਨ) ਵਿੱਚ ਸੋਧਾਂ ਕਰਨ ਦੇ ਅਖਤਿਆਰ ਵਰਤ ਰਹੀਆਂ ਹਨ। ਇਹਨਾਂ ਆਗੂਆਂ ਨੇ ਕਿਹਾ ਹੈ ਕਿ ਮਾਲੇਰਕੋਟਲਾ ਦੇ ਨਾਲ ਨਾਲ ਪੰਜਾਬ ਅੰਦਰ ਅੱਜ ਵੱਖ-ਵੱਖ ਸਾਇਲੋ ਗੁਦਾਮਾਂ ਅੱਗੇ ਜਨਤਕ ਰੋਸ ਪ੍ਰਦਰਸ਼ਨ ਰਾਹੀਂ ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸੂਬੇ ਅੰਦਰ ਕਾਰਪੋਰੇਟ ਵਪਾਰੀਆਂ ਨੂੰ ਨਵੇਂ ਸਾਇਲੋ ਗੁਦਾਮ ਬਣਾਉਣ ਦੀਆਂ ਸਾਰੀਆਂ ਮਨਜੂਰੀਆਂ ਰੱਦ ਕੀਤੀਆਂ ਜਾਣ, ਪਹਿਲਾਂ ਬਣੇ ਹੋਏ ਸਾਇਲੋ ਗੁਦਾਮਾਂ ਨੂੰ ਜਬਤ ਕਰਕੇ ਉਹਨਾਂ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਸਰਕਾਰੀ ਅਨਾਜ ਭੰਡਾਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਤੇ ਭੈਣ ਰੁਪਿੰਦਰ ਕੌਰ ਪੰਜਗਰਾਈਆਂ, ਲਖਵੀਰ ਕੌਰ ਧਨੌਲਾ,ਸਿੰਦਰ ਕੌਰ, ਅਮਰਜੀਤ ਕੌਰ, ਨਵਦੀਪ ਕੌਰ, ਨਿਰਮਲ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਅਮਰਗੜ੍ਹ,ਚਰਨਜੀਤ ਸਿੰਘ ਹਥਨ,ਸੰਦੀਪ ਸਿੰਘ ਉਪੋਕੀ, ਦਰਸ਼ਨ ਸਿੰਘ ਹਥੋਆ, ਨਾਜ਼ਰ ਸਿੰਘ ਠੁੱਲੀਵਾਲ, ਬਲਵਿੰਦਰ ਸਿੰਘ ਕਾਲਾਬੂਲਾ, ਬੂਟਾ ਸਿੰਘ ਗੰਡੇਵਾਲ, ਬਲਵੰਤ ਸਿੰਘ ਛੰਨਾਂ,ਸੰਤ ਸਿੰਘ , ਚਰਨਜੀਤ ਸਿੰਘ ਟਿੱਬਾ,ਸਮੇਤ ਆਗੂਆਂ ਨੇ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਭੈਣਾਂ ਹਾਜ਼ਰ ਸਨ।