ਧਾਰੀਵਾਲ : ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਉਸ ਵੇਲੇ ਇਕ ਝਟਕਾ ਲੱਗਾ ਜਦੋਂ ਉਨ੍ਹਾਂ ਦਾ ਵੱਡਾ ਪੁੱਤਰ ਹੈਰੋਇਨ ਵਰਗਾ ਨਸ਼ਾ ਕਰਦਾ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਥਾਣਾ ਧਾਰੀਵਾਲ ਦੀ ਪੁਲਿਸ ਨੇ ਲੰਗਾਹ ਦੇ ਵੱਡੇ ਪੁੱਤਰ ਸਮੇਤ ਦੋ ਹੋਰ ਜਣਿਆਂ ਨੂੰ ਮੌਕੇ ਉਤੇ ਕਾਬੂ ਕਰ ਲਿਆ ਹੈ। ਇਨ੍ਹਾਂ ਉਪਰ ਦੋਸ਼ ਹੈ ਕਿ ਇਹ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਧਾਰੀਵਾਲ ਵਿੱਚੋਂ ਲੰਘਦੀ ਨਹਿਰ ਦੇ ਪੁਲ ਨੇੜੇ ਗਸ਼ਤ ਦੌਰਾਨ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਨੂੰ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਟੀਮ ਨੇ ਛਾਪਾ ਮਾਰਿਆ ਤਾਂ ਦੋ ਨੌਜਵਾਨ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਨੂੰ ਦੋ ਸਿਲਵਰ ਪੇਪਰਾਂ ਅਤੇ ਦੋ ਲਾਈਟਰਾਂ ਸਣੇ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਲੰਗਾਹ, ਹਾਲ ਆਬਾਦ ਪਿੰਡ ਰਣੀਆ ਅਤੇ ਰਾਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਿੱਲ ਕੁਆਰਟਰ ਧਾਰੀਵਾਲ ਵਜੋਂ ਹੋਈ। ਉੱਥੇ ਹੀ ਬੈਠੇ ਤਿੰਨ ਹੋਰ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ ਅਤੇ ਪਰਚਾ ਵੀ ਦਰਜ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪੁਲਿਸ ਨੇ ਝੂਠਾ ਕੇਸ ਬਣਾਇਆ ਹੈ ਅਤੇ ਇਹ ਸੱਭ ਸਿਆਸਤ ਤੋਂ ਪ੍ਰੇਰਿਤ ਹੈ।