ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ ਪਰ ਪਾਰਟੀ ਹਾਈਕਮਾਂਡ ਤੋਂ ਟਿਕਟ ਦੀ ਮੰਗ ਕਰ ਰਹੇ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਗਲਬਾਤ ਦੌਰਾਨ ਕਿਹਾ ਕਿ ਭਾਵੇ ਕਾਂਗਰਸ ਪਾਰਟੀ ਵੱਲੋਂ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਜੁਆਇਨ ਕਰਨ ਵਾਲੇ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਵਰਕਰਾਂ ਦੇ ਵਿਆਹ ਸਮਾਗਮਾਂ, ਭੋਗਾਂ ਅਤੇ ਹੋਰਨਾਂ ਪ੍ਰੋਗਰਾਮਾਂ ਵਿੱਚ ਜਾਣ ਦਾ ਸਮਾਂ ਨਹੀਂ ਹੈ ਤੇ ਨਾ ਹੀ ਉਹ ਕਿਸੇ ਵਰਕਰ ਦੀ ਹਮਾਇਤ ਵਿੱਚ ਥਾਣਿਆਂ ‘ਚ ਫੋਨ ਆਦਿ ਕਰ ਸਕਦੇ ਹਨ। ਜਿਸ ਤੋਂ ਵਰਕਰਾਂ ਵਿੱਚ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।ਇਸੋਂ ਤੋਂ ਇਲਾਵਾ ਇੱਕ ਹੋਰ ਵਾਇਰਲ ਵੀਡੀਓ ’ਚ ਪੰਜਾਬ ਸੂਬੇ ਦੇ ਇੱਕ ਡੇਰੇ ਸਬੰਧੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਤੋਂ ਡੇਰਾ ਸਮਰਥਕਾਂ ਵਿੱਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਬਿਨਾਂ ਕੁਝ ਬਣੇ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਤਾਂ ਉਨ੍ਹਾਂ ਨੇ ਬਾਅਦ ਵਿੱਚ ਵਰਕਰਾਂ ਦੀ ਕੀ ਪੁੱਛ ਪ੍ਰਤੀਤ ਕੀ ਕਰਨੀ ਹੈ। ਸਾਬਕਾ ਵਿਧਾਇਕ ਕੰਬੋਜ਼ ਨੇ ਕਿਹਾ ਕਿ 20 ਅਪ੍ਰੈਲ ਨੂੰ ਰਾਜਪੁਰਾ ਦੇ ਇੱਕ ਨਿੱਜੀ ਮੈਰਿਜ ਪੈਲੇਸ ਵਿੱਚ ਟਕਸਾਲੀ ਕਾਂਗਰਸੀ ਪਰਿਵਾਰਾਂ ਦਾ ਇਕੱਠ ਰੱਖਿਆ ਗਿਆ ਹੈ। ਜਿੱਥੇ ਟਕਸਾਲੀ ਆਗੂਆਂ ਅਤੇ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕਰੀਬ ਢਾਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਤੇ ਲੰਮਾਂ ਸਮਾਂ ਕਾਂਗਰਸ ਕਮੇਟੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ, ਦੋ ਵਾਰ ਹਲਕਾ ਰਾਜਪੁਰਾ ਤੋਂ ਵਿਧਾਇਕ ਸਮੇਤ ਹੋਰ ਕਈ ਕਾਂਗਰਸ ਪਾਰਟੀ ਅਹੁਦਿਆਂ ’ਤੇ ਰਹਿ ਚੁੱਕੇ ਹਨ। ਇਸ ਮੌਕੇ ਕਾਂਗਰਸ ਕਮੇਟੀ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜ਼ਰਾ, ਕੌਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਜਗਨੰਦਨ ਗੁਪਤਾ, ਕੌਂਸਲਰ ਬਲਵਿੰਦਰ ਸਿੰਘ ਸਰਾਓਂ, ਡਿੰਪੀ ਰਾਣਾ, ਆਈਟੀ ਪ੍ਰਧਾਨ ਨਿਤਿਨ ਰੇਖੀ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪਿਛਲੇ ਲੰਮੇ ਸਮੇਂ ਤੋਂ ਲੋਕ ਸਭਾ ਹਲਕਾ ਪਟਿਆਲਾ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਲੋਕ ਸਭਾ ਹਲਕਾ ਪਟਿਆਲਾ ਲਈ ਸੰਭਾਵੀ ਉਮੀਦਵਾਰ ਵਜੋਂ ਮੀਟਿੰਗਾਂ ਕਰਕੇ ਉਨ੍ਹਾਂ ਤੋਂ ਸਾਥ ਮੰਗ ਰਹੇ ਸਨ। ਪਰ ਬੀਤੇ ਦਿਨੀਂ ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ