ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਨੂੰ ਹੋਰ ਆਕਸੀਜਨ ਟੈਂਕਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਪੰਜਾਬ ਕੋਲ ਕੋਵਿਡ ਪੀੜਤ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਕਸੀਜਨ ਲਿਜਾਣ ਲਈ ਲੋੜੀਂਦੇ ਟੈਂਕਰ ਉਪਲੱਬਧ ਨਹੀਂ ਹਨ।ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਵਿੱਚ ਕਿਹਾ ਕਿ ਸੂਬੇ ਨੂੰ ਤੁਰੰਤ ਹੋਰ ਟੈਂਕਰਾਂ ਦੀ ਜ਼ਰੂਰਤ ਹੈ ਕਿਉਂਕਿ ਇਸ ਸਮੇਂ ਸੂਬੇ ਕੋਲ ਸਿਰਫ 15 ਟੈਂਕਰ ਹੀ ਉਪਲੱਬਧ ਹਨ ਅਤੇ ਕੱਲ੍ਹ ਤੱਕ ਦੋ ਹੋਰ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਦੂਸਰੇ ਸੂਬਿਆਂ ਤੋਂ ਆ ਰਹੀ ਆਕਸੀਜਨ ਸਪਲਾਈ ਨਾਲ ਨਜਿੱਠਣ ਲਈ ਬਹੁਤ ਘੱਟ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਦੂਜੇ ਸੂਬਿਆਂ ਦੇ ਵੱਖ-ਵੱਖ ਪਲਾਂਟਾਂ ਤੋਂ 195 ਮੀਟਰਿਕ ਟਨ ਦੀ ਅਲਾਟਮੈਂਟ ਕੀਤੀ ਗਈ ਹੈ ਪਰ ਪਿਛਲੇ 7 ਦਿਨਾਂ ਦੌਰਾਨ ਅਸਲ ਸਪਲਾਈ ਰੋਜ਼ਾਨਾ 110-120 ਮੀਟਰਿਕ ਟਨ ਰਹੀ ਹੈ ਜੋ ਕਿ ਅਸਿਥਰ ਵੀ ਹੋਈ ਹੈ। ਇਸ ਸਮੇਂ ਦੌਰਾਨ, ਆਕਸੀਜਨ ਸਹਾਇਤਾ 'ਤੇ ਮਰੀਜ਼ਾਂ ਦੀ ਗਿਣਤੀ 4000 ਤੋਂ ਵੱਧ ਕੇ 9000 ਦੇ ਕਰੀਬ ਹੋ ਗਈ ਹੈ ਅਤੇ ਹਾਲਾਂਕਿ ਸੂਬਾ ਸਰਕਾਰ ਦੁਆਰਾ ਆਪਣੇ ਕੰਟਰੋਲ ਰੂਮਜ਼ ਰਾਹੀਂ ਸਪਲਾਈ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਸੁਚਾਰੂ ਬਣਾਉਣ ਦੇ ਕਦਮਾਂ ਨੇ ਚੀਜਾਂ ਨੂੰ ਸਥਿਰ ਰੱਖਣ ਵਿਚ ਸਹਾਇਤਾ ਕੀਤੀ ਹੈ ਪਰ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿਚ ਆਕਸੀਜਨ ਦੀ ਮੌਜੂਦਾ ਖਪਤ ਰੋਜਾਨਾ 225 ਮੀਟ੍ਰਿਕ ਟਨ ਤੋਂ ਵੱਧ ਹੈ ਜਦੋਂ ਕਿ ਹਰ ਰੋਜ਼ ਮੰਗ ਵਿਚ ਔਸਤਨ ਵਾਧਾ ਲਗਭਗ 15-20 ਫ਼ੀਸਦੀ ਹੋ ਰਿਹਾ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੂਬੇ ਵਿੱਚ ਟਰਾਂਸਪੋਰਟਰਾਂ ਕੋਲ ਉਪਲੱਬਧ ਟਰੱਕਾਂ ਦੀ ਘਾਟ ਤੋਂ ਇਲਾਵਾ ਇੱਕ ਟੈਂਕਰ ਨੂੰ ਬੋਕਾਰੋ ਪਲਾਂਟ ਤੋਂ 90 ਮੀਟਰਕ ਟਨ ਕੋਟੇ ਦੀ ਅਲਾਟਮੈਂਟ ਲਿਆਉਣ ਵਿੱਚ ਲਗਭਗ 4-5 ਦਿਨ ਲੱਗਦੇ ਹਨ ਜਿਸ ਕਾਰਨ ਹਾਲਾਤ ਹੋਰ ਵਿਗੜ ਗਏ ਹਨ। ਉਹਨਾਂ ਕਿਹਾ ਕਿ ਜਦ ਤੱਕ ਸੂਬੇ ਨੂੰ ਵਧੇਰੇ ਟੈਂਕਰ ਨਹੀਂ ਮਿਲਦੇ, ਸਥਿਤੀ ਹੋਰ ਵਿਗੜ ਸਕਦੀ ਹੈ।
ਬੋਕਾਰੋ ਤੋਂ 90 ਮੀਟਰਿਕ ਟਨ ਤੋਂ ਇਲਾਵਾ, ਸੂਬੇ ਦੀ ਮੌਜੂਦਾ ਅਲਾਟਮੈਂਟ ਬੱਦੀ ਵਿਚਲੇ ਪਲਾਂਟ ਤੋਂ 60 ਮੀਟਰਿਕ ਟਨ, ਪਾਣੀਪਤ ਪਲਾਂਟ ਤੋਂ 20 ਮੀਟਰਿਕ ਟਨ, ਰੁੜਕੀ ਵਿਚ ਪਲਾਂਟ ਤੋਂ 15 ਮੀਟਰਿਕ ਟਨ ਅਤੇ ਦੇਹਰਾਦੂਨ ਵਿਚ ਪਲਾਂਟ ਤੋਂ 10 ਮੀਟਰਿਕ ਟਨ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਏ.ਐਸ.ਯੂਜ਼ ਅਤੇ ਸਥਾਨਕ ਪੀ.ਐਸ.ਏ. ਤੋਂ ਰੋਜ਼ਾਨਾ ਲਗਭਗ 80 ਮੀਟਰਿਕ ਟਨ ਆਕਸੀਜਨ ਪੈਦਾ ਕੀਤੀ ਜਾ ਰਹੀ ਹੈ ਅਤੇ ਨਿਰੰਤਰ ਅਧਾਰ 'ਤੇ ਉਤਪਾਦਨ ਵਧਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।
ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਵੱਧ ਰਹੀ ਲੋੜ ਨੂੰ ਪੂਰਾ ਕਰਨ ਲਈ ਸਰਕਾਰੀ ਹਸਪਤਾਲਾਂ ਵਿਚ ਹੋਰ ਆਕਸੀਜਨ ਸਿਲੰਡਰਾਂ ਦੀ ਵੀ ਜ਼ਰੂਰਤ ਹੈ।