ਪਟਿਆਲਾ : ਵਿਧਾਨ ਸਭਾ ਹਲਕਾ ਘਨੌਰ ਦੇ ਪਿੰਡ ਸੰਜਰਪੁਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਤੇ ਹਿੰਦੂ ਧਰਮ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਕੇ ਪਿੰਡ ਦੇ ਘਰਾਂ ਦੇ ਬਾਹਰ ਅਤੇ ਗੁਰਦੁਆਰਾ ਸਾਹਿਬ ਤੇ ਨਾਲੀਆਂ ਵਿਚ ਖਿਲਾਰ ਦਿੱਤੇ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਘਨੌਰ ਦੇ ਐੱਸਐੱਚਓ ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਤੇ ਮੁਲਜ਼ਮ ਨੂੰ ਕਾਬੂ ਕਰ ਲਿਆਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਸੰਗਤ ਨੇ ਦੱਸਿਆ ਕਿ ਅੱਜ ਤੜਕੇ 2:30 ਵਜੇ ਦੇ ਕਰੀਬ ਪਿੰਡ ਸੰਜਰਪੁਰ ਵਿਖੇ ਇਸੇ ਪਿੰਡ ਦੇ ਹੀ ਨਰਿੰਦਰ ਸਿੰਘ ਉਮਰ 42 ਸਾਲ ਨੇ ਗੁਟਕਾ ਸਾਹਿਬ ਅਤੇ ਬਿਰਧ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਪਿੰਡ ਦੇ ਸਰਪੰਚ ਜੋਧਾਂ ਸਿੰਘ, ਤੇਜਿੰਦਰ ਸਿੰਘ, ਅਜੈਵ ਸਿੰਘ ਅਤੇ ਗੁਰਦੁਆਰਾ ਸਾਹਿਬ ਨੇੜੇ ਨਾਲੀਆਂ ਵਿੱਚ ਸੁੱਟ ਦਿੱਤੇ। ਉਨ੍ਹਾਂ ਦੱਸਿਆ ਕਿ ਜਦੋਂ ਸੇਵਾਦਾਰ ਦੁਪਹਿਰ 3.30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਰਸਤੇ ਵਿੱਚ ਸੁੱਟੇ ਗਏ ਸਨ। ਉਸ ਨੂੰ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਜਦੋਂ ਸਵੇਰੇ 7 ਵਜੇ ਸਿੱਖ ਸੰਗਤ ਇਕੱਠੀ ਹੋਈ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨਰਿੰਦਰ ਸਿੰਘ ਜੋ ਕਿ ਸ਼ਮਸ਼ਾਨਘਾਟ ਵਿੱਚ ਅੱਗ ਲਾ ਕੇ ਬੈਠਾ ਸੀ, ਨੂੰ ਦੇਖਿਆ। ਪਿੰਡ ਵਾਸੀਆਂ ਨੇ ਉਸ ਨੂੰ ਮੌਕੇ ’ਤੇ ਹੀ ਫੜ ਲਿਆ ਅਤੇ ਇਸ ਦੀ ਸੂਚਨਾ ਥਾਣਾ ਘਨੌਰ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਨੂੰ ਮੌਕੇ ’ਤੇ ਹੀ ਥਾਣਾ ਘਨੌਰ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ।ਇਸ ਘਟਨਾ ਸਬੰਧੀ ਜਦੋਂ ਡੀਐੱਸਪੀ ਘਨੌਰ ਬੂਟਾ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸੰਜਰਪੁਰ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਬਾਰੇ ਤੁਰੰਤ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਫਆਈਆਰ ਨੰਬਰ 27 ਅਤੇ ਆਈਪੀਸੀ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ।