ਪਟਿਆਲਾ : ਪੁਰਾਣਾ ਸ਼ਹਿਰ ਦਾ ਪੁਰਾਣਾ ਬੱਸ ਅੱਡਾ ਜਿਸ ਨੂੰ ਤਤਕਾਲੀਨ ਕਾਂਗਰਸ ਸਰਕਾਰ ਦੀ ਨਾਕਾਮੀਆਂ ਕਰਕੇ ਬੰਦ ਕਰਨਾ ਪਿਆ ਸੀ। ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਅਣਥੱਕ ਯਤਨਾ ਸਦਕਾ ਸ਼ੁਰੂ ਹੋਣ ’ਤੇ ਅੱਜ ਪੁਰਾਣਾ ਬੱਸ ਅੱਡਾ ਸੰਘਰਸ਼ ਕਮੇਟੀ ਨੇ ਧੰਨਵਾਦ ਕੀਤਾ। ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੇ ਰੱਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਜੀਤਪਾਲ ਸਿੰਘ ਕੋਹਲੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਕਨਵੀਨਰ ਗੁਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਇਹ ਬੱਸ ਅੱਡਾ ਬੰਦ ਹੋਇਆ ਸੀ, ਉਸ ਤੋਂ ਬਾਅਦ ਹੋਟਲ ਇੰਡਸਟਰੀ, ਢਾਬੇ, ਦੁਕਾਨਦਾਰ, ਈ-ਰਿਕਸ਼ਾ, ਆਟੋ ਰਿਕਸ਼ਾ ਸਮੇਤ ਬੱਸ ਅੱਡੇ ਦੇ ਪਿੱਛੇ ਪੈਂਦੀਆਂ ਸਾਰੀਆਂ ਮਾਰਕੀਟਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਸੀ। ਅਸੀਂ ਕਈ ਵਾਰ ਸਰਕਾਰਾਂ ਤੱਕ ਪਹੁੰਚ ਕੀਤੀ, ਪ੍ਰਸ਼ਾਸਨ ਤੱਕ ਪਹੁੰਚ ਕੀਤੀ, ਪਰ ਆਖਿਰ ਸਾਡੀ ਬਾਂਹ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਫੜਦਿਆਂ ਵਿਧਾਨ ਸਭਾ ’ਚ ਮੁੱਦਾ ਉਠਾਇਆ ਤੇ ਪੁਰਾਣਾ ਬੱਸ ਅੱਡਾ ਚਾਲੂ ਕਰ ਦਿੱਤਾ। ਇਸ ਲਈ ਅਸੀਂ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਕਮੇਟੀ ਅਤੇ ਯੂਨੀਅਨ ਆਗੂਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ, ਮੈਂ ਹਰ ਵਕਤ ਦਿਨ ਰਾਤ 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਤੋਂ ਵੀ ਕੋਈ ਦਿਕਤ ਪ੍ਰੇਸ਼ਾਨੀ ਹੋਵੇਗੀ ਤਾਂ ਉਹ ਫਿਰ ਵੀ ਸੰਘਰਸ਼ ਕਮੇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ। ਇਸ ਮੌਕੇ ਸੰਦੀਪ ਗਰਗ, ਨਵੀਨ ਕੁਮਾਰ, ਅਹੂਜਾ ਸਮੇਤ ਪੁਰਾਣਾ ਬੱਸ ਅੱਡਾ ਸੰਘਰਸ਼ ਕਮੇਟੀ ਦੇ ਸਾਰੇ ਅਹੁਦੇਦਾਰ ਅਤੇ ਵਲੰਟੀਅਰ ਹਾਜ਼ਰ ਰਹੇ।