ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਕਰਵਾਇਆ ਗਿਆ ਪੰਜਾਬ ਇਤਿਹਾਸ ਕਾਨਫ਼ਰੰਸ ਦਾ 54ਵਾਂ ਸੈਸ਼ਨ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਤਿੰਨ ਦਿਨ ਚੱਲੀ ਇਸ ਕਾਨਫ਼ਰੰਸ ਵਿੱਚ ਪੰਜਾਬ, ਦਿੱਲੀ, ਜੰਮੂ, ਹਿਮਾਚਲ ਪ੍ਰਦੇਸ਼ ਆਦਿ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਤਕਰੀਬਨ 250 ਡੈਲੀਗੇਟ ਸ਼ਾਮਲ ਹੋਏ। ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਵਿੱਚ ਜੰਮੂ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਪੁੱਜੇ ਪ੍ਰੋ. ਸੁਮਨ ਜਾਮਵਾਲ ਨੇ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਆਪਣੇ ਇਸ ਭਾਸ਼ਣ ਵਿੱਚ ਪੁਰਾਤਨ ਸਮੇਂ ਅਤੇ ਮੱਧਕਾਲੀ ਭਾਰਤ ਵਿੱਚ ਹੋਏ ਖੇਤੀ ਅੰਦੋਲਨਾਂ ਦੇ ਵਿਸ਼ੇ ਉੱਤੇ ਵਿਸਥਾਰ ਵਿੱਚ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਹ ਅੰਦੋਲਨ ਵਰਤਮਾਨ ਸਮੇਂ ਉੱਤੇ ਆਪਣੀ ਛਾਪ ਛੱਡਦੇ ਹਨ ਅਤੇ ਸਮਕਾਲ ਸਮਿਆਂ ਦੇ ਅੰਦੋਲਨਾਂ ਉੱਤੇ ਉਨ੍ਹਾਂ ਅੰਦੋਲਨਾਂ ਦਾ ਕਿਹੋ ਜਿਹਾ ਪ੍ਰਭਾਵ ਹੈ। ਮੱਧਕਾਲੀ ਭਾਰਤ ਵਿੱਚ ਹੋਏ ਖੇਤੀ ਅੰਦੋਲਨਾਂ ਦੀ ਸਮਕਾਲ ਵਿੱਚ ਪ੍ਰਸੰਗਿਕਤਾ ਅਤੇ ਮਹੱਤਵ ਦੇ ਹਵਾਲੇ ਨਾਲ਼ ਉਨ੍ਹਾਂ ਅਹਿਮ ਟਿੱਪਣੀਆਂ ਕੀਤੀਆਂ।
ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ.ਏ.ਕੇ. ਤਿਵਾੜੀ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੂੰ ਕਾਨਫਰੰਸ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਅਜਿਹੇ ਵਿਸ਼ਿਆਂ ਉੱਤੇ ਗੱਲ ਹੋਣੀ ਬਹੁਤ ਮਹੱਤਵਪੂਰਨ ਹੈ। ਵਿਭਾਗ ਮੁਖੀ ਡਾ. ਸੰਦੀਪ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਉਲੀਕੇ ਗਏ ਚਾਰ ਭਾਗਾਂ ਪ੍ਰਾਚੀਨ, ਮੱਧਕਾਲੀ, ਆਧੁਨਿਕ ਅਤੇ ਪੰਜਾਬੀ ਸੈਕਸ਼ਨ ਦੌਰਾਨ 120 ਦੇ ਕਰੀਬ ਖੋਜ ਪੇਪਰ ਪੇਸ਼ ਕੀਤੇ ਗਏ ਹਨ। ਧੰਨਵਾਦੀ ਭਾਸ਼ਣ ਯੂਨੀਵਰਸਿਟੀ ਵਿੱਚ ਸਥਾਪਿਤ ਮਹਾਰਾਣਾ ਪ੍ਰਤਾਪ ਚੇਅਰ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਏਕਤਾ ਚੇਅਰ ਦੇ ਇੰਚਾਰਜ ਪ੍ਰੋ.ਦਲਜੀਤ ਸਿੰਘ ਨੇ ਦਿੱਤਾ। ਮੰਚ ਸੰਚਾਲਨ ਦਾ ਕਾਰਜ ਡਾ.ਪਰਨੀਤ ਕੌਰ ਢਿੱਲੋਂ ਵੱਲੋਂ ਕੀਤਾ ਗਿਆ।