ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਗੰਭੀਰ ਸਥਿਤੀ ਬਾਰੇ ਇਕ ਵਾਰ ਫਿਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਸਰਕਾਰ ਕੋਲ ਰਣਨੀਤੀ ਦੀ ਘਾਟ ਹੈ, ਇਸ ਲਈ ਦੇਸ਼ ਵਿਚ ਮੁਕੰਮਲ ਲਾਕਡਾਊਨ ਲਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਾਲਾਬੰਦੀ ਲਾਉਣ ਦੇ ਨਾਲ ਹੀ ਕਮਜ਼ੋਰ ਤਬਕਿਆਂ ਨੂੰ ਸਿੱਧੀ ਆਰਥਕ ਮਦਦ ਦਿਤੀ ਜਾਵੇ। ਕਾਂਗਰਸ ਆਗੂ ਨੇ ਟਵਿਟਰ ’ਤੇ ਕਿਹਾ, ‘ਕੋਰੋਨਾ ਵਾਇਰਸ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਹੁਣ ਮੁਕੰਮਲ ਲਾਕਡਾਊਨ ਦਾ ਹੀ ਬਦਲ ਬਚਿਆ ਹੈ ਅਤੇ ਇਸ ਦੇ ਨਾਲ ਹੀ ਕਮਜ਼ੋਰ ਤਬਕਿਆਂ ਦੀ ਸੁਰੱਖਿਆ ਲਈ ਘੱਟੋ ਘੱਟ ਆਮਦਨ ਗਾਰੰਟੀ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨਾਕਾਮੀ ਨੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਵਾਇਰਸ ਦੇ ਇਸ ਪੱਧਰ ’ਤੇ ਪਹੁੰਚਣ ਵਿਚ ਮਦਦ ਕੀਤੀ ਅਤੇ ਹੁਣ ਇਸ ਨੂੰ ਰੋਕਣ ਦਾ ਕੋਈ ਦੂਜਾ ਉਪਾਅ ਨਹੀਂ ਹੈ।