ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ 'ਪ੍ਰੋਫੈਸਰ ਐੱਮ ਐੱਲ ਰੈਨਾ ਨਾਲ਼ ਗੱਲਬਾਤ' ਨਾਮਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਇਸ ਵਿਭਾਗ ਵਿੱਚ ਸਥਾਪਿਤ ‘ਇੰਗਲਿਸ਼ ਲਿਟਰੇਰੀ ਸੁਸਾਇਟੀ’ ਦੀ ਅਗਵਾਈ ਹੇਠ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਜੋਤੀ ਪੁਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਸਮੀ ਤੌਰ 'ਤੇ ਸਵਾਗਤ ਕਰਦਿਆਂ ਦੱਸਿਆ ਕਿ ਕਿ ਪ੍ਰੋ. ਰੈਨਾ ਇੱਕ ਉੱਘੇ ਅਕਾਦਮੀਸ਼ਨ, ਸਾਹਿਤਕਾਰ ਅਤੇ ਫਿਲਮ ਆਲੋਚਕ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਅਤੇ ਸੱਭਿਆਚਾਰਕ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਹਨ।
ਭਾਸ਼ਾ ਫ਼ੈਕਲਟੀ ਦੇ ਡੀਨ ਡਾ. ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋਫ਼ੈਸਰ ਰੈਨਾ ਨੂੰ ਮਹਾਨ ਸਾਹਿਤ ਅਤੇ ਸਿਨੇਮਾ ਦੇ ਅਧਿਐਨ ਲਈ ਉਨ੍ਹਾਂ ਦੀ ਜੀਵਨ ਭਰ ਦੀ ਵਚਨਬੱਧਤਾ ਬਾਰੇ ਸਵਾਲ ਪੁੱਛ ਕੇ ਸੰਵਾਦ ਰਚਾਇਆ। ਇਸ ਸੰਵਾਦ ਦੌਰਾਨ ਪ੍ਰੋਫ਼ੈਸਰ ਰੈਨਾ ਨੇ 19ਵੀਂ ਸਦੀ ਦੇ ਯੂਰਪੀਅਨ ਯਥਾਰਥਵਾਦ ਅਤੇ ਆਧੁਨਿਕਤਾਵਾਦ ਦੇ ਦਰਮਿਆਨ ਸਬੰਧਾਂ ਉੱਤੇ ਜਿਓਰਗੀ ਲੁਕਾਸ ਦੀਆਂ ਲਿਖਤਾਂ ਦੇ ਹਵਾਲੇ ਨਾਲ ਰੌਸ਼ਨੀ ਪਾਈ।
ਯੂਨੀਵਰਸਿਟੀ ਦੇ ਵੱਖ-ਵੱਖ ਫ਼ੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਵੀ ਪ੍ਰੋ ਰੈਨਾ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਅਹਿਮ ਟਿੱਪਣੀਆਂ ਕੀਤੀਆਂ।ਇਨ੍ਹਾਂ ਸਵਾਲਾਂ ਵਿੱਚ ਉਨ੍ਹੀਵੀਂ ਸਦੀ ਦੇ ਯੂਰਪੀ ਯਥਾਰਥਵਾਦ ਤੋਂ ਲੈ ਕੇ ਰੂਸੀ ਸਾਹਿਤ, ਸਾਹਿਤਕ ਸਿਧਾਂਤ ਅਤੇ ਸਿਨੇਮਾ ਤੱਕ ਦੇ ਵਿਸ਼ੇ ਸ਼ਾਮਿਲ ਸਨ।
ਪ੍ਰੋ. ਰੈਨਾ ਨੇ ਵਿਸ਼ਵ ਦੀਆਂ ਮਹਾਨ ਸਾਹਿਤਕ ਕਲਾਸਿਕ ਲਿਖਤਾਂ ਨੂੰ ਪੜ੍ਹਨ ਦੀ ਮਹੱਤਤਾ ਉੱਥੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਾਹਿਤ ਦੇ ਭਾਵੁਕ ਖੋਜੀ ਬਣਨ ਦੀ ਸਲਾਹ ਦਿੱਤੀ। ਗੱਲਬਾਤ ਦੇ ਅੰਤ ਵਿੱਚ ਸਮਾਗਮ ਦੇ ਕੋਆਰਡੀਨੇਟਰ ਡਾ. ਧਰਮਜੀਤ ਸਿੰਘ ਨੇ ਧੰਨਵਾਦੀ ਸ਼ਬਦ ਪ੍ਰਗਟਾਏ।