ਫ਼ਤਹਿਗੜ੍ਹ ਸਾਹਿਬ : ਸਾਊਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮਿਆਰੀ ਬੀਜ ਉਪਲਬਧ ਕਰਵਾਉਣ ਦੇ ਮੰਤਵ ਨਾਲ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਮਾਣੋਂ ਬਲਾਕ ਦੇ ਬੀਜ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਸੈਂਪਲ ਇਕੱਤਰ ਕਰਕੇ ਟੈਸਟਿੰਗ ਲਈ ਲਬਾਰਟਰੀ ਨੂੰ ਭੇਜੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਸੰਦੀਪ ਕੁਮਾਰ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਸਾਊਣੀ ਦੇ ਸੀਜ਼ਨ ਦੌਰਾਨ ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਗੈਰ ਮਿਆਰੀ ਬੀਜ ਵੇਚਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਬੀਜ ਡੀਲਰਾਂ ਦੀਆਂ ਦੁਕਾਨਾਂ ਤੋਂ ਸੈਂਪਲ ਭਰ ਕੇ ਟੈਸਟਿੰਗ ਲਈ ਲੈਬ ਵਿੱਚ ਭੇਜੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਿਸਮ ਪੂਸਾ-44 ਬੀਜਣ ਤੋਂ ਗੁਰੇਜ ਕੀਤਾ ਜਾਵੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਰਾਂ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਹੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਿਫਾਰਸ਼ ਕੀਤੀਆਂ ਕਿਸਮਾਂ ਘੱਟ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਇਸ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਬੀਜ ਪ੍ਰਾਪਤ ਕਰਨ ਸਮੇਂ ਦੁਕਾਨਦਾਰ ਤੋਂ ਬਿਲ ਜਰੂਰ ਲਿਆ ਜਾਵੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ (ਬੀਜ) ਡਾ: ਮੀਨਾ ਰਾਣੀ, ਖੇਤੀਬਾੜੀ ਵਿਕਾਸ ਅਫਸਰ ਡਾ: ਦਮਨ ਝਾਂਜੀ, ਪ੍ਰਿਤਪਾਲ ਸਿੰਘ ਤੇ ਮੁਖਤਿਆਰ ਸਿੰਘ ਵੀ ਮੌਜੂਦ ਸਨ।