ਮਾਲੇਰਕੋਟਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜ਼ੇ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲੇਰਕੋਟਲਾ ਦੀ ਵਿਦਿਆਰਥਣ ਆਰੂਸ਼ਾ (ਪੁੱਤਰੀ ਸਿਕੰਦਰ ਏ ਆਜ਼ਮ ਤੇ ਸ਼ਹਿਨਾਜ਼) ਨੇ ਕਾਮਰਸ ਗਰੁੱਪ ਵਿੱਚੋਂ 481 (96 ਫੀਸਦ) ਅੰਕਾਂ ਨਾਲ ਸਕੂਲ ਵਿੱਚੋਂ ਟਾਪ ਕਰਕੇ ਅਪਣਾ, ਅਪਣੇ ਮਾਤਾ ਪਿਤਾ, ਸਕੂਲ ਤੇ ਅਧਿਆਪਕਾਂ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ਮਾਤਾ ਪਿਤਾ ਤੋਂ ਇਲਾਵਾ ਰਿਸ਼ਤੇਦਾਰਾਂ ਵੱਲੋਂ ਆਰੂਸ਼ਾ ਦਾ ਮੂੰਹ ਮਿੱਠਾ ਕਰਵਾਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਵਿਦਿਆਰਥਣ ਆਰੂਸ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਸ ਨੇ ਸਕੂਲ ਵਿੱਚੋਂ ਟਾਪ ਕੀਤਾ ਹੈ। ਉਸ ਨੇ ਕਿਹਾ ਕਿ ਮੇਰੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਮੈਨੂੰ ਬਹੁਤ ਸਹਿਯੋਗ ਰਿਹਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਪੜਾਇਆ-ਲਿਖਾਇਆ ਅਤੇ ਅੱਜ ਇਸ ਕਾਬਿਲ ਬਣਾਇਆ ਹੈ ਕਿ ਉਸ ਨੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਆਰੂਸ਼ਾ ਨੇ ਭਵਿੱਖ 'ਚ ਚਾਰਟਡ ਅਕਾਊਂਟੈਂਟ (ਸੀ.ਏ) ਬਣਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਇੱਛਾ ਪ੍ਰਗਟਾਈ। ਆਰੂਸ਼ਾ ਨੇ ਆਪਣੇ ਜੂਨੀਅਰਾਂ ਨੂੰ ਸੰਦੇਸ਼ ਦਿੱਤਾ ਕਿ ਮਿਹਨਤ ਅਤੇ ਲਗਨ ਕਦੇ ਵਿਅਰਥ ਨਹੀਂ ਜਾਂਦੀ, ਇਸ ਲਈ ਉਨ੍ਹਾਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ।