ਪਟਿਆਲਾ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਪ੍ਰਬੰਧਾਂ ਨੂੰ ਹੋਰ ਸੁਚਾਰੂ ਤੇ ਬੇਹਤਰ ਬਣਾਉਣ ਲਈ ਮੈਨੇਜਰ ਕਰਨੈਲ ਸਿੰਘ ਦੀ ਅਗਵਾਈ ਵਿਚ ਸਮੂਹ ਸਟਾਫ ਮੈਂਬਰਾਂ ਦੀ ਇਕੱਤਰਤਾ ਸੱਦੀ ਗਈ। ਇਸ ਦੌਰਾਨ ਮੈਨੇਜਰ ਕਰਨੈਲ ਸਿੰਘ ਨੇ ਸਮੂਹ ਸਟਾਫ ਨੂੰ ਆ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ, ਉਥੇ ਹੀ ਮੁਲਾਜ਼ਮਾਂ ਨੂੰ ਡਿਊਟੀ ਸੁਚੇਤ ਹੋ ਕੇ ਕਰਨ ਲਈ ਪ੍ਰੇਰਿਆ ਗਿਆ। ਉਨ੍ਹਾਂ ਦੱਸਿਆ ਕਿ ਗੁਰੂ ਘਰ ਵਿਚ ਸੰਗਤ ਵੱਡੀ ਆਸਥਾ ਨਾਲ ਦੂਰ ਦੁਰਾਡੇ ਤੋਂ ਆਉਂਦੀ ਹੈ
ਇਸ ਕਰਕੇ ਮੁਲਾਜ਼ਮਾਂ ਦਾ ਨੈਤਿਕ ਫਰਜ਼ ਹੈ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਅਤੇ ਮੱਥਾ ਟੇਕ ਪੁੱਜਦੀਆਂ ਸੰਗਤਾਂ ਨੂੰ ਵੀ ਸਹਿਯੋਗ ਕਰਨ। ਮੈਨੇਜਰ ਕਰਨੈਲ ਸਿੰਘ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਅਸਥਾਨ ਪ੍ਰਤੀ ਸੰਗਤ ਦੀ ਵੱਡੀ ਆਸਥਾ ਜੁੜੀ ਹੋਈ ਹੈ ਇਸ ਕਰਕੇ ਮੁਲਾਜ਼ਮ ਜਿਥੇ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰਨ, ਉਥੇ ਹੀ ਸੰਗਤਾਂ ਨਾਲ ਵਧੀਆ ਤਾਲਮੇਲ ਰੱਖਣ ਤਾਂ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਦਾ ਚੰਗਾ ਸੰਗਤੀ ਪ੍ਰਭਾਵ ਵੱਧ ਸਕੇ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਵੀ ਪਾਠੀ ਸਿੰਘਾਂ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਸੰਗਤਾਂ ਪ੍ਰਬੰਧਕਾਂ ਤੱਕ ਪਹੁੰਚ ਕਰਕੇ ਪ੍ਰਬੰਧ ਨੂੰ ਹੋਰ ਵੀ ਸੁਚਾਰੂ ਰੱਖਣ ਲਈ ਜਾਣਕਾਰੀ ਦਿੰਦੀਆਂ ਹਨ
ਇਸ ਕਰਕੇ ਗੁਰਦੁਆਰਾ ਪ੍ਰਬੰਧ ਅੰਦਰ ਮੁਲਾਜ਼ਮ ਮੁਸਤੈਦ ਰਹਿ ਕੇ ਡਿਊਟੀ ਕਰਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕੰਪਲੈਕਸ ਅੰਦਰ ਕੜ੍ਹਾਹ ਪ੍ਰਸ਼ਾਦ ਕਾਊਂਟਰ, ਜੋੜੇ ਘਰ, ਲੰਗਰ ਅਤੇ ਸਰਾਵਾਂ ਵਿਖੇ ਸੰਗਤਾਂ ਨੂੰ ਚੰਗਾ ਸਹਿਯੋਗ ਦੇਣ ਨੂੰ ਪਹਿਲ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਸੁਪਰਵਾਈਜ਼ਰ ਜੋਗਾ ਸਿੰਘ, ਭਾਈ ਹਜੂਰ ਸਿੰਘ, ਭਾਈ ਬਲਵਿੰਦਰ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਆਦਿ ਸ਼ਾਮਲ ਸਨ।