ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਕਾਰਨ ਚੰਡੀਗੜ੍ਹ, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ 'ਚ ਗਰਮੀਆਂ ਦੀਆਂ ਛੁੱਟੀਆਂ ਤੈਅ ਸਮੇਂ ਤੋਂ ਪਹਿਲਾਂ ਐਲਾਨੇ ਜਾਣ ਮਗਰੋਂ ਹੁਣ ਕੇਂਦਰੀ ਵਿਦਿਆਲਿਆ 'ਚ ਵੀ ਸਮਰ ਵੈਕੇਸ਼ਨ ਦਾ ਸ਼ੈਡਿਊਲ ਬਦਲ ਦਿੱਤਾ ਗਿਆ ਹੈ। ਕੇਂਦਰੀ ਵਿਦਿਆਲਿਆ ਸੰਗਠਨ (ਕੇਵੀਐਸ) ਨੇ ਹਾਲ ਹੀ 'ਚ ਨੋਟਿਸ ਜਾਰੀ ਕਰਦਿਆਂ ਦੇਸ਼ 'ਚ ਸਰਦੀਆਂ ਦੀਆਂ ਥਾਵਾਂ 'ਚ ਸਥਿਤ ਕੇਂਦਰੀ ਵਿਦਿਆਲਿਆ ਨੂੰ ਛੱਡ ਕੇ ਗਰਮੀ ਵਾਲੇ ਥਾਵਾਂ 'ਚ ਸਮਰ ਵੈਕੇਸ਼ਨ ਦੇ ਨਾਲ-ਨਾਲ ਵਿੰਟਰ ਵੈਕੇਸ਼ਨ ਦੀ ਘੋਸ਼ਣਾ ਕਰ ਦਿੱਤੀ ਹੈ। ਕੇਵੀਐਸ ਦੇ ਨੋਟਿਸ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ 3 ਮਈ ਸੋਮਵਾਰ ਤੋਂ ਸ਼ੁਰੂ ਹੋ ਚੁੱਕੀਆਂ ਹਨ, ਜੋ 20 ਜੂਨ 2021 ਤਕ ਚੱਲਣਗੀਆਂ। ਇਸ ਤਰ੍ਹਾਂ ਕੇਵੀਐਸ ਨੇ ਕੁੱਲ 49 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਕੇਵੀਐਸ ਨੇ ਆਪਣੇ ਨੋਟਿਸ 'ਚ ਜਿਨ੍ਹਾਂ ਖੇਤਰਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚ ਆਗਰਾ, ਚੰਡੀਗੜ੍ਹ, ਕੋਲਕਾਤਾ, ਦੇਹਰਾਦੂਨ, ਦਿੱਲੀ, ਗੁਰੂਗ੍ਰਾਮ, ਗੁਹਾਟੀ, ਜੈਪੁਰ, ਜੰਮੂ, ਲਖਨਊ, ਪਟਨਾ, ਰਾਂਚੀ, ਸਿਲਚਰ, ਤਿਨਸੁਕੀਆ, ਵਾਰਾਣਸੀ, ਅਹਿਮਦਾਬਾਦ, ਬੰਗਲੁਰੂ, ਚੇਨਈ, ਅਰਨਾਕੁਲਮ, ਹੈਦਰਾਬਾਦ, ਜਬਲਪੁਰ, ਮੁੰਬਈ, ਰਾਏਪੁਰ, ਭੁਵਨੇਸ਼ਵਰ ਤੇ ਭੋਪਾਲ ਸ਼ਾਮਲ ਹਨ। ਇਨ੍ਹਾਂ ਖੇਤਰਾਂ 'ਚ ਆਉਣ ਵਾਲੇ ਕੇਂਦਰੀ ਵਿਦਿਆਲਿਆ 'ਚ ਨਵੇਂ ਸ਼ੈਡਿਊਲ ਮੁਤਾਬਕ ਸਮਰ ਵੈਕੇਸ਼ਨ ਲਾਗੂ ਹੋਵੇਗਾ।