ਪ੍ਰਯਾਗਰਾਜ : ਆਕਸੀਜਨ ਦੀ ਕਮੀ ਦੇ ਮਾਮਲੇ ਵਿੱਚ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ । ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਇਸ ਉੱਤੇ ਕੋਈ ਸਵਾਲ ਨਹੀਂ ਉਠਾ ਸਕਦਾ ਕਿ ਆਕਸੀਜਨ ਦੀ ਕਮੀ ਨਾਲ ਕੁੱਝ ਲੋਕਾਂ ਦੀ ਮੌਤ ਹੋਈ ਹੈ ਅਤੇ ਇਹ ਇੱਕ ਨੇਸ਼ਨਲ ਐਮਰਜੈਂਸੀ ਹੈ। ਦਰਾਸਲ ਉੱਤਰ ਪ੍ਰਦੇਸ਼ ’ਚ ਕੋਰੋਨਾ ਵਾਇਰਸ ਦੇ ਚੱਲਦੇ ਹਸਪਤਾਲਾਂ ਵਿਚ ਆਕਸੀਜਨ ਦੀ ਸਪਲਾਈ ’ਚ ਘਾਟ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਹ ਨਾ ਸਿਰਫ ਅਪਰਾਧ ਹੈ, ਸਗੋਂ ਅਜਿਹਾ ਕਰਨਾ ਕਤਲੇਆਮ ਤੋਂ ਘੱਟ ਨਹੀਂ ਹੈ। ਅਜਿਹੀਆਂ ਮੌਤਾਂ ਦੀ ਜਵਾਬਦੇਹੀ ਆਕਸੀਜਨ ਦੀ ਸਪਲਾਈ ਕਰਨ ਵਾਲਿਆਂ ਦੀ ਹੈ। ਜਸਟਿਸ ਸਿਧਾਰਥ ਵਰਮਾ ਅਤੇ ਜਸਟਿਸ ਅਜਿਤ ਕੁਮਾਰ ਦੀ ਬੈਂਚ ਨੇ ਕਿਹਾ ਕਿ ਮੈਡੀਕਲ ਸਾਇੰਸ ਇੰਨਾ ਅੱਗੇ ਹੈ ਕਿ ਅਸੀਂ ਹਾਰਟ ਟਰਾਂਸਪਲਾਂਟ ਕਰ ਰਹੇ ਹਾਂ। ਬਰੇਨ ਆਪਰੇਟ ਕਰ ਰਹੇ ਹਾਂ ਅਤੇ ਦੂਜੇ ਪਾਸੇ ਆਕਸੀਜਨ ਦੀ ਘਾਟ ਨਾਲ ਮੌਤਾਂ ਹੋ ਰਹੀਆਂ ਹਨ।
ਹਾਈ ਕੋਰਟ ਨੇ ਕਿਹਾ ਕਿ ਆਮ ਤੌਰ ’ਤੇ ਅਦਾਲਤ ਸੋਸ਼ਲ ਮੀਡੀਆ ਦੀਆਂ ਖ਼ਬਰਾਂ ’ਤੇ ਧਿਆਨ ਨਹੀਂ ਦਿੰਦੀ ਪਰ ਇਸ ਖ਼ਬਰ ਦਾ ਸਮਰਥਨ ਵਕੀਲਾਂ ਨੇ ਵੀ ਕੀਤਾ ਹੈ ਕਿ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਆਕਸੀਜਨ ਦੀ ਸਪਲਾਈ ਨਾ ਹੋ ਸਕਣ ਕਾਰਨ ਮੌਤਾਂ ਹੋਈਆਂ ਹਨ। ਅਦਾਲਤ ਨੇ ਕਿਹਾ ਕਿ ਇਸ ਦੇ ਸੁਧਾਰ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਨੇ ਲਖਨਊ ਅਤੇ ਮੇਰਠ ਦੇ ਜ਼ਿਲ੍ਹਾ ਅਧਿਕਾਰੀ ਨੂੰ ਆਕਸੀਜਨ ਦੀ ਘਾਟ ਨਾਲ ਮੌਤਾਂ ਦੀਆਂ ਖ਼ਬਰਾਂ ਦੀ 48 ਘੰਟਿਆਂ ਵਿਚ ਜਾਂਚ ਪੂਰੀ ਕਰ ਕੇ ਰਿਪੋਰਟ ਪੇਸ਼ ਕਰਨ ਅਤੇ ਜਵਾਬਦੇਹੀ ਤੈਅ ਕਰਨ ਦਾ ਨਿਰਦੇਸ਼ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਕੇਸ ਦੀ ਸੁਣਵਾਈ ਦੌਰਾਨ ਦੋਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ ਵਰਚੂਅਲ ਸੁਣਵਾਈ ਦੇ ਸਮੇਂ ਹਾਜ਼ਰ ਰਹਿਣਗੇ। ਬੈਂਚ ਨੇ ਹਾਈ ਕੋਰਟ ਦੇ ਜੱਜ ਦੀ ਲਖਨਊ ਦੇ ਐੱਸ. ਜੀ. ਪੀ. ਜੀ. ਆਈ. ’ਚ ਹੋਈ ਮੌਤ ਦਾ ਵੀ ਨੋਟਿਸ ਲਿਆ ਅਤੇ ਉਨ੍ਹਾਂ ਦੇ ਇਲਾਜ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।