ਮਾਲੇਰਕੋਟਲਾ : ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਕਿਸੇ ਵੀ ਮਰੀਜ਼ ਨੂੰ ਆਕਸੀਜ਼ਨ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ. ਨੇ ਦੱਸਿਆ ਕਿ ਸਿਵਲ ਹਸਪਤਾਲ, ਮਾਲੇਰਕੋਟਲਾ ਅਤੇ ਸ਼ਹਿਰ ਦੇ ਬਾਕੀ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜ਼ਨ ਦਾ ਪੂਰਾ ਪ੍ਰਬੰਧ ਹੈ ਅਤੇ ਰੋਜ਼ਾਨਾ ਮੋਨੀਟਰਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕੋਵਿਡ ਮਰੀਜ਼ ਨੂੰ ਆਕਸੀਜ਼ਨ ਦੀ ਜ਼ਰੂਰਤ ਹੈ ਤਾਂ ਉਹ ਸਿਵਲ ਹਸਪਤਾਲ ਵਿਚ ਦਾਖਲ ਹੋ ਸਕਦਾ ਹੈ ਜਿਥੇ ਉਸ ਨੂੰ ਆਕਸੀਜ਼ਨ ਮੁਹੱਈਆ ਕਰਵਾ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਬਿਮਾਰੀ ਨਾਲ ਪੀੜਤ ਮਰੀਜ਼ ਨੂੰ ਆਕਸੀਜ਼ਨ ਦੀ ਜ਼ਰੂਰਤ ਹੈ ਤਾਂ ਉਹ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਜਿਹੇ ਮਰੀਜ਼ ਜਿਨ੍ਹਾਂ ਨੂੰ ਕੋਰੋਨਾ ਨਹੀਂ ਪਰੰਤੂ ਉਨ੍ਹਾਂ ਦਾ ਪਿਛਲੇ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਦਾ ਇਲਾਜ ਘਰ ਵਿਚ ਹੀ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਆਕਸੀਜ਼ਨ ਦੀ ਲੋੜ ਪੈਂਦੀ ਹੈ, ਅਜਿਹੇ ਕੇਸ ਦੀ ਸਿਫਾਰਸ਼ ਐਸ.ਐਮ.ਓ. ਮਾਲੇਰਕੋਟਲਾ ਕਰਨਗੇ ਜਿਸ ਤੋਂ ਬਾਅਦ ਉਹ ਮਰੀਜ਼ ਯੂ.ਪੀ.ਐਚ.ਸੀ. ਲਾਲ ਬਾਜ਼ਾਰ ਵਿਚ ਦਾਖਲ ਹੋ ਕੇ ਆਕਸੀਜ਼ਨ ਲਗਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਆਕਸੀਜ਼ਨ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਫਿਲਹਾਲ ਘਰ ਵਿਚ ਆਕਸੀਜ਼ਨ ਦੀ ਸਪਲਾਈ ਕਰਨੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।ਪ੍ਰਸ਼ਾਸਨ ਵੱਲੋਂ ਆਕਸੀਜ਼ਨ ਦਾ ਲੋੜੀਂਦਾ ਸਟਾਕ ਇਕੱਠਾ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਉਨ੍ਹਾਂ ਸਬ ਡਵੀਜ਼ਨ ਮਾਲੇਰਕੋਟਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਆਕਸੀਜ਼ਨ ਦੀ ਸਪਲਾਈ ਸਬੰਧੀ ਹੈਲਪਲਾਇਨ ਨੰਬਰ 7888447166 (ਡਾ: ਨਦੀਮ ਅਖਤਰ) ਅਤੇ 9216256309 (ਦੀਪਕ ਕੌੌੜਾ) ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।